ਦੀਪਕ ਸ਼ਰਮਾ, ਬਠਿੰਡਾ : ਚਿੱਟ ਫੰਡ ਕੰਪਨੀ ਬਣਾ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੀ ਆਹੂਜਾ ਟਰੇਡਿੰਗ ਕੰਪਨੀ ਮਾਡਲ ਟਾਊਨ ਦੇ ਸੰਚਾਲਕ ਦਾ ਇਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ। ਕੰਪਨੀ ਦੇ ਸੰਚਾਲਕ ਨੇ ਆਮ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦਿੱਤਾ ਤੇ ਬਾਅਦ 'ਚ ਉਨ੍ਹਾਂ ਦੇ ਬੈਂਕ ਖਾਤੇ ਖੋਲ੍ਹ ਕੇ ਉਸ ਵਿਚ ਆਪਣੇ ਪੈਸਿਆਂ ਦਾ ਲੈਣ-ਦੇਣ ਸ਼ੁਰੂ ਕਰ ਦਿੱਤਾ। ਮੁਲਜ਼ਮ ਨੇ ਇਕ ਨਹੀਂ ਸਗੋਂ ਦਰਜਨਾਂ ਲੋਕਾਂ ਦੇ ਬੈਂਕ ਖਾਤਿਆਂ 'ਚ ਆਪਣਾ ਫੋਨ ਨੰਬਰ ਤੇ ਈਮੇਲ ਆਈਡੀ ਜੋੜ ਦਿੱਤੀ, ਜਿਸ ਨਾਲ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਹੋ ਰਹੇ ਲੈਣ-ਦੇਣ ਦੀ ਜਾਣਕਾਰੀ ਉਸ ਨੂੰ ਹੀ ਲੱਗ ਰਹੀ ਜਦੋਂਕਿ ਜਿਨ੍ਹਾਂ ਦੇ ਨਾਮ ’ਦੇ ਬੈਂਕ ਖਾਤੇ ਸਨ ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ। ਅਜਿਹਾ ਕਰ ਕੇ ਮੁਲਜ਼ਮਾਂ ਨੇ ਲੋਕਾਂ ਨਾਲ ਠੱਗੀ ਮਾਰੀ। ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਸੰਜੀਵ ਕੁਮਾਰ ਵਾਸੀ ਸ਼ੀਸ਼ ਮਹਿਲ ਕਾਲੋਨੀ ਬਠਿੰਡਾ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।

ਥਾਣਾ ਸਿਵਲ ਲਾਈਨ ਨੂੰ ਦਿੱਤੀ ਸ਼ਿਕਾਇਤ 'ਚ ਕੁਲਵਿੰਦਰ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਸੁਰਖਪੀਰ ਰੋਡ ਨੇ ਦੱਸਿਆ ਕਿ ਉਹ ਮਾਡਲ ਟਾਊਨ ਬਠਿੰਡਾ ਸਥਿਤ ਆਹੂਜਾ ਟਰੇਡਿੰਗ ਕੰਪਨੀ ਨਾਲ ਸੰਬੰਧਤ ਸੀ। ਕੰਪਨੀ ਦਾ ਡਾਇਰੈਕਟਰ ਮੁਲਜ਼ਮ ਸੰਜੀਵ ਕੁਮਾਰ ਫਾਈਨਾਂਸ ਦਾ ਕੰਮ ਕਰਦਾ ਹੈ। ਸਾਲ 2018 'ਚ ਉਨ੍ਹਾਂ ਆਪਣੇ ਨਾਲ ਹੋਰ ਕਈ ਲੋਕਾਂ ਨੂੰ ਵੱਖ-ਵੱਖ ਬੈਂਕਾਂ 'ਚ ਆਪਣੇ ਨਾਂ 'ਤੇ ਬੈਂਕ ਖਾਤੇ ਖੁਲ੍ਹਵਾਉਣ ਲਈ ਮਿਲਵਾਇਆ। ਇਨ੍ਹਾਂ ਬੈਂਕ ਖਾਤਿਆਂ 'ਚ ਉਨ੍ਹਾਂ ਨਾਲ ਆਈਡੀ ਪਰੂਫ਼ ਵੀ ਨੱਥੀ ਕੀਤੇ ਗਏ ਸਨ ਜਦੋਂਕਿ ਮੁਲਜ਼ਮ ਸੰਜੀਵ ਕੁਮਾਰ ਨੇ ਆਪਣੇ ਮੋਬਾਈਲ ਨੰਬਰ ਬੈਂਕ ਖਾਤਿਆਂ ਨਾਲ ਨੱਥੀ ਕਰਨ ਦੀ ਬਜਾਏ ਖ਼ੁਦ ਆਪਣਾ ਫ਼ੋਨ ਨੰਬਰ ਤੇ ਈਮੇਲ ਆਈਡੀ ਜੋੜਦੇ ਹੋਏ ਬੈਂਕ ਖਾਤਿਆਂ ਰਾਹੀਂ ਲੱਖਾਂ ਰੁਪਏ ਦਾ ਲੈਣ-ਦੇਣ ਕੀਤਾ ਜਿਸ ਬਾਰੇ ਉਸ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿਉਂਕਿ ਬੈਂਕ ਰਾਹੀਂ ਭੇਜੇ ਗਏ ਸੁਨੇਹੇ ਮੁਲਜ਼ਮ ਦੇ ਫੋਨ ਨੰਬਰ ਅਤੇ ਈਮੇਲ ਆਈਡੀ ’ਤੇ ਆ ਰਹੇ ਸਨ। ਪੀੜਤਾ ਨੇ ਦੱਸਿਆ ਕਿ ਉਸ ਨੂੰ ਕੁਝ ਸਮੇਂ ਬਾਅਦ ਹੀ ਮੁਲਜ਼ਮਾਂ ਵੱਲੋਂ ਕੀਤੀ ਜਾ ਰਹੀ ਇਸ ਠੱਗੀ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਮਾਮਲੇ ਦੀ ਸ਼ਿਕਾਇਤ ਐੱਸਐੱਸਪੀ ਬਠਿੰਡਾ ਨੂੰ ਦਿੱਤੀ। ਪੁਲਿਸ ਦੇ ਈਓ ਵਿੰਗ ਵੱਲੋਂ ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਸੰਜੀਵ ਕੁਮਾਰ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ।

Posted By: Seema Anand