ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਜਾਂਚ ਕੀਤੇ ਬਿਨਾਂ ਤਿੰਨ ਥੈਲੀਸੀਮੀਆ ਪੀੜਤ ਬੱਚਿਆਂ ਨੂੰ ਐੱਚਆਈਵੀ ਪਾਜ਼ੇਟਿਵ ਖ਼ੂਨ ਚੜ੍ਹਾਉਣ ਦੇ ਮਾਮਲੇ ਦੀ ਜਾਂਚ ਅਜੇ ਚੱਲ ਹੀ ਰਹੀ ਹੈ ਕਿ ਮੰਗਲਵਾਰ ਨੂੰ ਇਕ ਹੋਰ 9 ਸਾਲਾ ਥੈਲੀਸੀਮੀਆ ਪੀੜਤ ਬੱਚੇ ਦੀ ਰਿਪੋਰਟ ਐੱਚਆਈਵੀ ਪਾਜ਼ੇਟਿਵ ਮਿਲੀ ਹੈ।

ਬੱਚਾ ਮੰਗਲਵਾਰ ਨੂੰ ਖ਼ੂਨ ਚੜ੍ਹਵਾਉਣ ਲਈ ਸਿਵਲ ਹਸਪਤਾਲ ਬਠਿੰਡਾ ਆਇਆ ਸੀ। ਖ਼ੂਨ ਚੜ੍ਹਾਉਣ ਤੋਂ ਪਹਿਲਾਂ ਜਦੋਂ ਉਸ ਦਾ ਐੱਚਆਈਵੀ ਟੈਸਟ ਕੀਤਾ ਗਿਆ ਤਾਂ ਉਸ ਦੀ ਰਿਪੋਰਟ ਪਾਜ਼ੇਟਿਵ ਆਈ। ਬਠਿੰਡਾ ਥੈਲੀਸੀਮੀਆ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਜਿਸ ਬੱਚੇ ਦੀ ਐੱਚਆਈਵੀ ਰਿਪੋਰਟ ਪਾਜ਼ੇਟਿਵ ਆਈ ਹੈ, ਉਹ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਉਸ ਦੀ ਉਮਰ ਕਰੀਬ 9 ਸਾਲ ਹੈ।

ਐਸੋਸੀਏਸ਼ਨ ਦਾ ਦਾਅਵਾ ਹੈ ਕਿ ਪੀੜਤ ਬੱਚੇ ਦਾ ਪਿਛਲੇ ਚਾਰ ਸਾਲ ਤੋਂ ਬਠਿੰਡਾ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਕਰੀਬ 15 ਦਿਨ ਪਹਿਲਾਂ ਹੀ ਬੱਚੇ ਨੂੰ ਹਸਪਤਾਲ ਤੋਂ ਖ਼ੂਨ ਚੜ੍ਹਵਾਇਆ ਗਿਆ ਸੀ ਪਰ ਮੰਗਲਵਾਰ ਨੂੰ ਜਦੋਂ ਪੀੜਤ ਬੱਚੇ ਤੋਂ ਇਲਾਵਾ ਚਾਰ ਹੋਰ ਬੱਚੇ ਖ਼ੂਨ ਚੜ੍ਹਵਾਉਣ ਲਈ ਸਿਵਲ ਹਸਪਤਾਲ ਆਏ ਤਾਂ ਉਨ੍ਹਾਂ ਸਾਰਿਆਂ ਦੇ ਐੱਚਆਈਵੀ ਟੈਸਟ ਕੀਤੇ ਗਏ, ਜਿਸ ਵਿਚ 9 ਸਾਲਾ ਬੱਚੇ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਡੇਢ ਮਹੀਨੇ ਵਿਚ ਇਹ ਚੌਥਾ ਮਾਮਲਾ ਹੈ।

ਐਸੋਸੀਏਸ਼ਨ ਨੇ ਬੁੱਧਵਾਰ ਨੂੰ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਬਾਹਰ ਇਕੱਠੇ ਹੋ ਕੇ ਸਿਹਤ ਵਿਭਾਗ ਅਤੇ ਸਿਵਲ ਹਸਪਤਾਲ ਦੇ ਪ੍ਰਬੰਧਕਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਨਾਲ ਹੀ ਪੀੜਤ ਬੱਚਿਆਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਣਗੇ।

ਥੈਲੀਸੀਮੀਆ ਐਸੋਸੀਏਸ਼ਨ ਦੇ ਅਹੁਦੇਦਾਰ ਮਹਿੰਦਰਪਾਲ ਸਿੰਘ ਅਤੇ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਸਿਹਤ ਕਾਮਿਆਂ ਦੀ ਲਾਪਰਵਾਹੀ ਕਾਰਨ ਹੁਣ ਤਕ ਚਾਰ ਬੱਚੇ ਐੱਚਆਈਵੀ ਪਾਜ਼ੇਟਿਵ ਆ ਚੁੱਕੇ ਹਨ ਜਦਕਿ 80 ਤੋਂ ਜ਼ਿਆਦਾ ਬੱਚੇ ਸਿਵਲ ਹਸਪਤਾਲ ਤੋਂ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਜਿਸ ਤਰ੍ਹਾਂ ਜਾਂਚ ਕੀਤੇ ਬਿਨਾਂ ਖ਼ੂਨ ਚੜ੍ਹਾਇਆ ਜਾ ਰਿਹਾ ਸੀ, ਉਸ ਦੇ ਹਿਸਾਬ ਨਾਲ ਹੋਰ ਵੀ ਬੱਚੇ ਪਾਜ਼ੇਟਿਵ ਹੋਏ ਹੋਣਗੇ, ਜਿਨ੍ਹਾਂ ਦਾ ਪਤਾ ਟੈਸਟ ਹੋਣ 'ਤੇ ਹੀ ਲੱਗੇਗਾ।

Posted By: Jagjit Singh