ਗੁਰਪ੍ਰੇਮ ਲਹਿਰੀ, ਬਠਿੰਡਾ। ਕੋਰੋਨਾ ਕਾਰਨ ਲੋਕਾਂ ਦੀ ਜ਼ਿੰਦਗੀ ਬਹੁਤ ਬਦਲ ਗਈ ਹੈ। ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ 'ਚ ਰਹਿਣ ਵਾਲੇ ਲਖਵਿੰਦਰ ਸਿੰਘ ਦੀ ਵੀ ਜ਼ਿੰਦਗੀ ਕੋਰੋਨਾ ਤੋਂ ਬਾਅਦ ਬਦਲ ਗਈ ਹੈ। ਉਸ ਦੇ ਮਨ ਵਿਚ ਇਕ ਖਿਆਲ ਆਇਆ ਕਿ ਉਹ ਆਪਣੀ ਜ਼ਿੰਦਗੀ ਵਿਚ ਕੁਝ ਵੱਖਰਾ ਕਰੇਗਾ।

ਲਖਵਿੰਦਰ ਸਿੰਘ ਨੇ ਪਲੈਨਿੰਗ ਕੀਤੀ ਤੇ ਉਹ ਅਮਰੀਕਾ ਤੋਂ ਆਪਣੀ ਕਾਰ ਲੈ ਕੇ ਭਾਰਤ ਪਹੁੰਚਿਆ। 34 ਦਿਨਾਂ ਵਿੱਚ 20 ਦੇਸ਼ਾਂ ਦਾ ਦੌਰਾ ਕੀਤਾ ਤੇ 20 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭਾਰਤ ਪਹੁੰਚਿਆ। ਲਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਕੋਰੋਨਾ ਦੇ ਸਮੇਂ ਲੋਕਾਂ ਨੂੰ ਵੱਖ ਹੁੰਦੇ ਦੇਖਿਆ ਤਾਂ ਉਸ ਨੇ ਕੁਝ ਵੱਖਰਾ ਕਰਨ ਬਾਰੇ ਸੋਚਿਆ।

ਉਦੋਂ ਤੋਂ ਉਸ ਨੇ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ। ਯੋਜਨਾ ਬਣਾਉਣ ਵਿਚ ਉਸ ਨੂੰ ਤਿੰਨ ਸਾਲ ਲੱਗ ਗਏ ਤੇ ਜਿਵੇਂ ਹੀ ਕਾਗਜ਼ ਪੂਰੇ ਹੋਏ, ਉਹ ਆਪਣੀ ਕਾਰ ਨਾਲ ਭਾਰਤ ਲਈ ਅਮਰੀਕਾ ਤੋਂ ਰਵਾਨਾ ਹੋ ਗਿਆ। ਅਮਰੀਕਾ ਤੋਂ ਉਸ ਨੇ ਆਪਣੀ ਕਾਰ ਸਮੁੰਦਰੀ ਜਹਾਜ਼ ਰਾਹੀਂ ਇੰਗਲੈਂਡ ਭੇਜ ਦਿੱਤੀ। ਇੰਗਲੈਂਡ ਤੋਂ ਰੇਲਗੱਡੀ ਰਾਹੀਂ ਬੈਲਜੀਅਮ ਪਹੁੰਚਿਆ ਤੇ ਉਸ ਤੋਂ ਬਾਅਦ ਜਰਮਨ, ਸਵਿਟਜ਼ਰਲੈਂਡ, ਆਸਟਰੀਆ, ਹੰਗਰੀ ਆਦਿ ਯੂਰਪੀ ਦੇਸ਼ਾਂ ਤੋਂ ਹੁੰਦੇ ਹੋਏ ਪੈਰਿਸ ਤੁਰਕੀ ਪਹੁੰਚਿਆ। ਇਸ ਤੋਂ ਬਾਅਦ ਉਹ ਈਰਾਨ ਦੇ ਰਸਤੇ ਪਾਕਿਸਤਾਨ ਚਲਾ ਗਿਆ।

ਉਸ ਨੇ ਪਾਕਿਸਤਾਨ ਵਿੱਚ ਕੁੱਲ 14 ਦਿਨ ਬਿਤਾਏ। ਇਨ੍ਹਾਂ ਚੌਦਾਂ ਦਿਨਾਂ ਵਿਚ ਕਈ ਸ਼ਹਿਰਾਂ ਜਿਵੇਂ ਗੁਰਦੁਆਰਾ ਸਾਹਿਬ ਲਾਹੌਰ, ਟੋਬਾ ਟੇਕ ਸਿੰਘ, ਪਾਕਪਤਨ ਆਦਿ ਦਾ ਦੌਰਾ ਕੀਤਾ। ਪਾਕਿਸਤਾਨ ਦੇ ਲੋਕਾਂ ਨੇ ਉਸ ਨੂੰ ਬਹੁਤ ਪਿਆਰ ਤੇ ਮਹਿਮਾਨਨਿਵਾਜ਼ੀ ਦਿੱਤੀ ਤੇ 11 ਦਿਨਾਂ ਤਕ ਲੋਕਾਂ ਨੇ ਉਸ ਨੂੰ ਆਪਣੇ ਘਰਾਂ ਵਿੱਚ ਰੱਖਿਆ।

34 ਦਿਨਾਂ 'ਚ 20 ਦੇਸ਼ਾਂ ਤੇ 20 ਹਜ਼ਾਰ ਕਿਲੋਮੀਟਰ ਦਾ ਸਫ਼ਰ ਕੀਤਾ ਤੈਅ

ਲਖਵਿੰਦਰ ਸਿੰਘ ਨੇ ਕਿਹਾ ਕਿ ਅਮਰੀਕਾ ਤੋਂ ਭਾਰਤ ਦੀ ਯਾਤਰਾ ਵਿੱਚ ਕੁੱਲ 34 ਦਿਨਾਂ ਦਾ ਸਮਾਂ ਲੱਗਿਆ ਹੈ ਤੇ 18 ਤੋਂ 20 ਦੇਸ਼ਾਂ ਵਿੱਚੋਂ ਲੰਘਿਆ ਹਾਂ।

ਲਖਵਿੰਦਰ ਸਿੰਘ ਮੂਲ ਰੂਪ ਤੋਂ ਪੰਜਾਬ ਦੇ ਜਲੰਧਰ ਦੇ ਪਿੰਡ ਲੰਮੇ ਦਾ ਰਹਿਣ ਵਾਲਾ ਹੈ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਦੇ ਬਾਰੇ ਪਰਿਵਾਰ ਨੂੰ ਦੱਸਿਆ ਤਾਂ ਉਨ੍ਹਾਂ ਨੇ ਮਜ਼ਾਕ ਸਮਝਿਆ ਪਰ ਜਦੋਂ ਉਸ ਨੇ ਯੋਜਨਾ ਬਣਾਉਣੀ ਸ਼ੁਰੂ ਕੀਤੀ ਤਾਂ ਉਸ ਦੀਆਂ ਚਿੰਤਾਵਾਂ ਵਧਣ ਲੱਗੀਆਂ ਪਰ ਉਸ ਨੇ ਆਪਣਾ ਮਨ ਬਣਾ ਲਿਆ ਸੀ। ਪਹਿਲਾਂ ਤਾਂ ਪਰਿਵਾਰ ਵਾਲਿਆਂ ਨੇ ਨਾਂਹ ਕਰ ਦਿੱਤੀ ਪਰ ਬਾਅਦ ਵਿਚ ਉਨ੍ਹਾਂ ਦੀ ਜ਼ਿੱਦ ਅੱਗੇ ਢਿੱਲੇ ਪੈ ਗਏ। ਹੁਣ ਜਦੋਂ ਸਫ਼ਰ ਖਤਮ ਹੋ ਗਿਆ ਹੈ ਤਾਂ ਉਹ ਵੀ ਕਾਫੀ ਖੁਸ਼ ਹਨ।

ਵੀਜ਼ਾ ਤੇ ਕਾਰਨੇਟ ਦੀ ਲੋੜ

ਅੰਤਰਰਾਸ਼ਟਰੀ ਯਾਤਰਾ ਕਰਨ ਲਈ ਸਭ ਤੋਂ ਪਹਿਲਾਂ ਸਾਰੇ ਦੇਸ਼ਾਂ ਦੇ ਵੀਜ਼ੇ ਦੀ ਲੋੜ ਹੁੰਦੀ ਹੈ। ਹਾਲਾਂਕਿ ਉਸ ਨੂੰ ਬਹੁਤ ਘੱਟ ਦੇਸ਼ਾਂ ਤੋਂ ਵੀਜ਼ਾ ਲੈਣਾ ਪਿਆ, ਕਿਉਂਕਿ ਉਸ ਕੋਲ ਅਮਰੀਕੀ ਪਾਸਪੋਰਟ ਹੈ। ਇਸ ਤੋਂ ਬਾਅਦ ਕਾਰਨੇਟ ਬਣਾਉਣਾ ਹੁੰਦਾ ਹੈ।

ਲਖਵਿੰਦਰ 1985 ਵਿੱਚ ਗਿਆ ਸੀ ਅਮਰੀਕਾ

ਲਖਵਿੰਦਰ ਸਿੰਘ 1985 ਵਿੱਚ ਅਮਰੀਕਾ ਗਿਆ ਤੇ ਉੱਥੇ ਸਖ਼ਤ ਮਿਹਨਤ ਕੀਤੀ ਤੇ ਹੁਣ ਉਥੇ ਉਨ੍ਹਾਂ ਦਾ ਬਹੁਤ ਹੀ ਚੰਗਾ ਕਾਰੋਬਾਰ ਹੈ। ਲਖਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਉਹ ਜਹਾਜ਼ ਰਾਹੀਂ ਅਮਰੀਕਾ ਜਾਵੇਗਾ ਤੇ ਜਹਾਜ਼ ਰਾਹੀਂ ਕਾਰ ਭੇਜੇਗਾ।

Posted By: Sarabjeet Kaur