ਗੁਰਪ੍ਰੇਮ ਲਹਿਰੀ, ਬਠਿੰਡਾ : ਕੋਰੋਨਾ ਸੰਕਟ ਦੌਰਾਨ ਐਂਬੂਲੈਂਸ ਸੰਚਾਲਕ ਵੀ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਣ 'ਚ ਜੁਟ ਗਏ ਹਨ। ਦੋ ਦਿਨ ਪਹਿਲਾਂ ਇਕ ਐਂਬੂਲੈਂਸ ਦੇ ਮਾਲਕ ਨੇ ਤਾਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਇਕ ਔਰਤ ਮਰੀਜ਼ ਨੂੰ ਗੁਰੂਗ੍ਰਾਮ ਤੋਂ ਲੁਧਿਆਣਾ ਜਾਣ ਲਈ 1.20 ਲੱਖ ਰੁਪਏ ਦੀ ਪਰਚੀ ਕੱਟ ਦਿੱਤੀ ਸੀ। ਇਸ ਵਾਰ ਪੰਜਾਬ ਦੇ ਜ਼ਿਲ੍ਹਾ ਬਠਿੰਡਾ 'ਚ ਵੀ ਵਸੂਲੀ ਦਾ ਖੇਡ ਸ਼ੁਰੂ ਹੋ ਚੁੱਕਾ ਹੈ। ਇੱਥੇ ਫ਼ਰੀਦਕੋਟ ਮੈਡੀਕਲ ਕਾਲਜ ਤੋਂ ਕੋਰੋਨਾ ਪਾਜ਼ੇਟਿਵ ਵਿਅਕਤੀ ਦੀ ਦੇਹ ਬਠਿੰਡਾ ਤਕ ਲੈ ਜਾਣ ਅਤੇ ਉਤਾਰਨ ਲਈ ਐਂਬੂਲੈਂਸ ਚਾਲਕ ਦੋ ਹਜ਼ਾਰ ਰੁਪਏ ਜ਼ਿਆਦਾ ਵਸੂਲ ਰਹੇ ਹਨ।

ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਬਠਿੰਡਾ ਦੀ ਨੌਜਵਾਨ ਵੈੱਲਫੇਅਰ ਸੁਸਾਇਟੀ ਵੱਲੋਂ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ। ਵੀਡੀਓ 'ਚ ਐਂਬੂਲੈਂਸ ਚਾਲਕ ਸਾਫ਼-ਸਾਫ਼ ਬੋਲ ਰਿਹਾ ਹੈ ਕਿ ਲਾਸ਼ ਨੂੰ ਫ਼ਰੀਦਕੋਟ ਤੋਂ ਬਠਿੰਡਾ ਲਿਆਉਣ ਦਾ ਕਿਰਾਇਆ 2 ਹਜ਼ਾਰ ਰੁਪਏ ਦੱਸਿਆ ਸੀ। ਪਰ ਉਨ੍ਹਾਂ ਲਾਸ਼ ਨੂੰ ਗੱਡੀ 'ਚ ਰੱਖਿਆ ਤੇ ਉਤਾਰਿਆ ਹੈ। ਇਸ ਦੇ ਲਈ ਅਲੱਗ ਤੋਂ ਦੋ ਹਜ਼ਾਰ ਰੁਪਏ ਦੇਣੇ ਪੈਣਗੇ। ਚਾਲਕ ਇਹ ਮੰਗ ਸ਼ਮਸ਼ਾਨਘਾਟ 'ਚ ਲਾਸ਼ ਉਤਾਰਨ ਤੋਂ ਬਾਅਦ ਕਰ ਰਿਹਾ ਸੀ ਤੇ ਪੈਸੇ ਨਾ ਦੇਣ 'ਤੇ ਪਰਿਵਾਰਕ ਮੈਂਬਰਾਂ ਨਾਲ ਬਹਿਸ ਕਰ ਰਿਹਾ ਸੀ।

ਪ੍ਰਸ਼ਾਸਨ ਦੀ ਕਮਜ਼ੋਰ ਕਾਰਜਸ਼ੈਲੀ ਕਾਰਨ ਵਧ ਰਹੀ ਸਮੱਸਿਆ

ਪ੍ਰਸ਼ਾਸਨ ਦੀ ਕਮਜ਼ੋਰ ਕਾਰਜਸ਼ੈਲੀ ਕਾਰਨ ਲਾਸ਼ਾਂ ਤੋਂ ਵੀ ਕਮਾਈ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬਠਿੰਡਾ ਐੱਨਐੱਫਐੱਲ ਟਾਊਨਸ਼ਿਪ ਦੇ ਕੁਆਰਟਰ 'ਚ ਰਹਿਣ ਵਾਲੇ ਇਕ ਗ਼ਰੀਬ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। ਉਸ ਦੀ ਲਾਸ਼ ਫ਼ਰੀਦਕੋਟ ਤੋਂ ਇਕ ਪ੍ਰਾਈਵੇਟ ਐਂਬੂਲੈਂਸ ਤੋਂ ਬਠਿੰਡਾ ਲਿਆਂਦਾ ਗਿਆ, ਪਰ ਇੱਥੇ ਗ਼ਰੀਬ ਪਰਿਵਾਰ ਤੋਂ ਦੋ ਹਜ਼ਾਰ ਕਿਰਾਏ ਦੇ ਨਾਲ ਲਾਸ਼ ਚੁੱਕਣ ਦੇ ਹੋਰ ਦੋ ਹਜ਼ਾਰ ਰੁਪਏ ਮੰਗ ਰਿਹਾ ਸੀ। ਯਾਨੀ ਕੁੱਲ 4 ਹਜ਼ਾਰ ਰੁਪਏ ਲੈਣ 'ਤੇ ਬਜ਼ਿੱਦ ਹੋ ਗਿਆ। ਇਸ ਦੀ ਸੂਚਨਾ ਮਿਲਣ 'ਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰ ਮੌਕੇ 'ਤੇ ਪਹੁੰਚੇ। ਪ੍ਰਾਈਵੇਟ ਐਂਬੂਲੈਂਸ ਵਾਲੇ ਨੂੰ ਮਨੁੱਖਤਾ ਦੀ ਦੁਹਾਈ ਪਾਈ ਕਿ ਏਨੇ ਕਸ਼ਟ ਵੇਲੇ ਘੱਟੋ-ਘੱਟ ਗ਼ਰੀਬਾਂ ਨੂੰ ਤਾਂ ਛੱਡ ਦਿਉ। ਪਰ ਫਿਰ ਵੀ ਵਾਰ-ਵਾਰ ਪੈਸੇ ਲੈਣ ਦੀ ਜ਼ਿੱਦ 'ਤੇ ਅੜੇ ਪ੍ਰਾਈਵੇਟ ਐਂਬੂਲੈਂਸ ਵਾਲੇ ਨੂੰ ਸੁਸਾਇਟੀ ਦੇ ਵਲੰਟੀਅਰ ਨੇ ਆਪਣੇ ਵੱਲੋਂ 700 ਰੁਪਏ ਦੇ ਦਿੱਤੇ ਤੇ ਪੀੜਤ ਪਰਿਵਾਰ ਤੋਂ ਉਹ ਦੋ ਹਜ਼ਾਰ ਰੁਪਏ ਵੱਖਰੇ ਲੈ ਗਿਆ।

Posted By: Seema Anand