ਮਨਪ੍ਰੀਤ ਸਿੰਘ ਗਿੱਲ, ਰਾਮਪੁਰਾ ਫੂਲ : ਪੰਜਾਬ ਦੀ ਕਾਂਗਰਸ ਸਰਕਾਰ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਕਰੋੜਪਤੀ ਜਵਾਈ ਗੁਰਸ਼ੇਰ ਸਿੰਘ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਦੇ ਕੇ ਲੱਖਾਂ ਬੇਰੁਜ਼ਗਾਰ ਨੌਜਵਾਨਾਂ ਤੇ ਪੰਜਾਬ ਵਾਸੀਆਂ ਨਾਲ ਧੋਖਾ ਕੀਤਾ। ਇਸ ਦੀ ਕੀਮਤ ਕਾਂਗਰਸ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਚਕਾਉਣੀ ਪਵੇਗੀ ਤੇ ਪੰਜਾਬ ਦੇ ਲੋਕ ਕਾਂਗਰਸੀ ਆਗੂਆਂ ਨੂੰ ਘੇਰ ਘੇਰ ਕੇ ਸਵਾਲ ਪੁੱਛਣਗੇ ਕਿ ਪੰਜਾਬ ਵਿੱਚ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਆਪਣੇ ਘਰ ਵਿੱਚ ਕਿਉਂ ਨੌਕਰੀਆਂ ਦਿੱਤੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਹੈਪੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਬਾਲਿਆਂਵਾਲੀ ਤੇ ਯੂਥ ਆਗੂ ਅਮਨਦੀਪ ਸਿੰਘ ਨੰਬਰਦਾਰ ਨੇ ਕੀਤਾ।

ਉਨ੍ਹਾਂ ਕਿਹਾ ਕਿ ਘਰ-ਘਰ ਨੌਕਰੀ ਦੇਣ ਦੇ ਵਾਅਦੇ ਤੋਂ ਮੁਨਕਰ ਹੋਈ ਸਰਕਾਰ ਦੀ ਵਾਅਦਾਖਿਲਾਫੀ ਕਾਰਨ ਸੂਬੇ ਦਾ ਨੌਜਵਾਨ ਪਹਿਲਾਂ ਹੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ l ਹੁਣ ਮਾਲ ਮੰਤਰੀ ਦੇ ਕਰੋੜਪਤੀ ਜਵਾਈ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਦੇ ਕੇ ਸਰਕਾਰ ਨੇ ਲੱਖਾਂ ਬੇਰੁਜ਼ਗਾਰ ਨੌਜਵਾਨਾਂ ਦੇ ਜ਼ਖ਼ਮਾਂ ਤੇ ਨਮਕ ਛਿੜਕਣ ਵਾਲਾ ਕੰਮ ਕੀਤਾ ਹੈ l

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ 17 ਮਾਰਚ 2017 ਦੇ ਪੱਤਰ ਅਨੁਸਾਰ ਗਰੈਜੂਏਟ ਉਮੀਦਵਾਰ ਨੂੰ ਸਿਰਫ ਕਲਰਕ ਦੀ ਅਸਾਮੀ ਲਈ ਵਿਚਾਰਿਆ ਜਾਂਦਾ ਹੈ। ਗੁਰਸ਼ੇਰ ਸਿੰਘ ਕਾਮਰਸ ਵਿੱਚ ਗਰੈਜੂਏਟ ਹੋਣ ਦੇ ਬਾਵਜੂਦ ‘ਆਬਕਾਰੀ ਤੇ ਕਰ ਇੰਸਪੈਕਟਰ’ ਕਿਵੇਂ ਲੱਗਾ? ਉਨਾਂ ਗੁਰਸ਼ੇਰ ਸਿੰਘ ਦੀ ਨਿਯੁਕਤੀ ਤੇ ਵਿਅੰਗ ਕੱਸਦਿਆਂ ਕਿਹਾ ਕਿ ਗੁਰਸ਼ੇਰ ਸਿੰਘ ਦੀ ਆਬਕਾਰੀ ਤੇ ਕਰ ਵਿਭਾਗ ਵਿੱਚ ਇੰਸਪੈਕਟਰ ਦੀ ਨੌਕਰੀ ਮਿਲਣ ਦੀ ਅਸਲੀ ਯੋਗਤਾ ਗੁਰਪ੍ਰੀਤ ਕਾਂਗੜ ਦਾ ਜਵਾਈ ਹੋਣਾ ਹੈ।

Posted By: Seema Anand