ਮਨਪ੍ਰਰੀਤ ਸਿੰਘ ਗਿੱਲ, ਰਾਮਪੁਰਾ ਫੂਲ : ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵਿੱਢੇ ਸੰਘਰਸ਼ ਨੂੰ ਦੇਸ਼ ਵਿਚ ਪੂਰਾ ਸਮਰਥਨ ਮਿਲ ਰਿਹਾ ਹੈ। ਸਥਾਨਕ ਸ਼ਹਿਰ ਵਿਖੇ ਕਾਨੂੰਨਾਂ ਖਿਲਾਫ ਚੱਲ ਰਹੇ ਧਰਨੇ ਨੂੰ 5 ਮਹੀਨਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਦਿਨੋਂ ਦਿਨ ਧਰਨੇ ਵਿਚ ਲੋਕਾਂ ਦੀ ਗਿਣਤੀ ਵਧ ਰਹੀ ਹੈ। ਅੱਜ ਮੋਰਚੇ ਨੂੰ ਸੰਬੋਧਨ ਕਰਦਿਆਂ ਸੁਖਜਿੰਦਰ ਸਿੰਘ ਭਾਈਰੂਪਾ, ਬਲਦੇਵ ਸਿੰਘ, ਮੇਜਰ ਸਿੰਘ ਗਿੱਲ, ਸੁਖਦੇਵ ਸਿੰਘ ਸੰਘਾ, ਬਲਕਰਨ ਸਿੰਘ ਪਿੱਥੋ, ਬੂਟਾ ਸਿੰਘ ਤੁੰਗਵਾਲੀ, ਸੁਖਜਿੰਦਰ ਸਿੰਘ, ਬਲਵਿੰਦਰ ਸਿੰਘ ਜੇਠੂਕੇ, ਹਰਮੇਸ ਸਿੰਘ, ਗੁਰਦੀਪ ਸਿੰਘ ਸੇਲਬਰਾਹ, ਬਲਵੀਰ ਸਿੰਘ ਤੁੰਗਵਾਲੀ, ਧੰਨਾ ਸਿੰਘ ਬੁਰਜ ਗਿੱਲ, ਬਹਾਦਰ ਸਿੰਘ ਨੰਬਰਦਾਰ, ਗੁਰਤੇਜ ਸਿੰਘ ਜੈਲਦਾਰ ਪਿੱਥੋ ਅਤੇ ਗੁਰਕੀਰਤ ਸਿੰਘ ਨੇ ਕਿਹਾ ਕਿ ਸੰਯੁਕਤ ਮੋਰਚੇ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸਾਰੇ ਭਾਰਤ ਵਿਚ ਲਗਾਤਾਰ ਅੰਦੋਲਨ ਜਾਰੀ ਹੈ ਅਤੇ ਦਿੱਲੀ ਵਿਖੇ ਲੱਖਾਂ ਲੋਕਾਂ ਦੇ ਕਾਫਲੇ ਕੜਾਕੇ ਦੀ ਠੰਢ ਵਿਚ ਵੀ ਖੁੱਲੇ ਅਸਮਾਨ ਹੇਠ ਸੜਕਾਂ 'ਤੇ ਬੈਠੇ ਰਹੇ। ਹੁਣ ਗਰਮੀ ਦੇ ਮੌਸਮ ਵਿਚ ਵੀ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ।

ਧਰਨੇ ਵਿਚ ਸ਼ਾਮਲ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਵਹਿਮ ਹੈ ਕਿ ਕਣਕ ਦੀ ਫਸਲ ਦੀ ਕਟਾਈ ਕਾਰਨ ਤੇ ਦਿਨੋਂ ਦਿਨ ਵੱਧ ਰਹੀ ਗਰਮੀ ਕਾਰਨ ਮੋਰਚਿਆਂ ਵਿਚ ਕਿਸਾਨਾਂ ਦੀ ਗਿਣਤੀ ਘੱਟ ਜਾਵੇਗੀ ਪਰ ਸਰਕਾਰ ਭੁੱਲ ਗਈ ਹੈ ਕਿ ਹੱਕਾਂ ਲਈ ਲੜਨ ਵਾਲੇ ਲੋਕ ਕੜਾਕੇ ਦੀ ਠੰਢ ਵਿਚ ਖੁੱਲੇ ਅਸਮਾਨ ਹੇਠ ਸੜਕਾਂ 'ਤੇ ਵੀ ਚੜਦੀਕਲਾ ਵਿਚ ਰਹੇ ਹਨ ਅਤੇ ਹੁਣ ਉਹ ਡੋਲਦੇ ਗਰਮੀ ਵਿਚ ਵੀ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਲਾਗੂ ਕਰਕੇ ਸਾਨੂੰ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਕਰਨਾ ਚਾਹੁੰਦੀ ਹੈ ਪਰ ਅਣਖੀ ਲੋਕ ਕਾਲੇ ਕਾਨੂੰਨ ਰੱਦ ਕਰਵਾਕੇ ਹੀ ਵਾਪਸ ਘਰ ਮੁੜਨਗੇ।