ਗੁਰਤੇਜ ਸਿੰਘ ਸਿੱਧੂ, ਬਠਿੰਡਾ : ਸੋਮਵਾਰ ਦੇਰ ਰਾਤ ਹਨੂਮਾਨ ਚਾਲੀਸਾ ਦੀ ਬੇਅਦਬੀ ਤੋਂ ਬਾਅਦ ਮੰਗਲਵਾਰ ਸਵੇਰੇ ਬਠਿੰਡਾ ਸ਼ਹਿਰ ਵਿੱਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਦਿਨਾਂ ਵਿੱਚ ਸ਼ਹਿਰ ਅੰਦਰ ਬੇਅਦਬੀ ਦੀਆਂ ਵਾਪਰੀਆਂ ਦੋ ਘਟਨਾਵਾਂ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਦੇਰ ਰਾਤ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਹਨੂੰਮਾਨ ਚਾਲੀਸਾ ਨੂੰ ਪਾੜ ਕੇ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਨੇੜੇ ਸੁੱਟ ਦਿੱਤਾ ਸੀ। ਭਾਵੇਂ ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ ਪਰ ਅੱਜ ਸਵੇਰੇ ਹੀ ਬੇਅਦਬੀ ਦੀ ਇਕ ਹੋਰ ਘਟਨਾ ਵਾਪਰ ਗਈ। ਸ਼ਹਿਰ ਦੇ ਮੁਲਤਾਨੀਆ ਰੋਡ ਸਥਿਤ ਡੀ ਡੀ ਮਿੱਤਲ ਟਾਵਰ ਵਿਚ ਸ੍ਰੀ ਗੁਟਕਾ ਸਾਹਿਬ ਇਸ ਤੋਂ ਇਲਾਵਾ ਨਿਰੰਕਾਰੀ ਮੱਤ ਨਾਲ ਸਬੰਧਤ ਧਾਰਮਿਕ ਪੁਸਤਕ ਪਾੜ ਕੇ ਸੁੱਟਿਆ ਗਿਆ ਹੈ। ਮਿੱਤਲ ਟਾਵਰ ਦੇ ਲੋਕਾਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਸਾਢੇ ਛੇ ਵਜੇ ਡੇਰਾ ਸਿਰਸਾ ਨਾਲ ਸਬੰਧਤ ਕਿਤਾਬ ਦਾ ਇਕ ਪੰਨਾ ਉੱਪਰ ਤੋਂ ਹੇਠਾਂ ਸੁੱਟਿਆ ਗਿਆ। ਇਸ ਤੋਂ ਕੁਝ ਸਮੇਂ ਬਾਅਦ ਨਿਰੰਕਾਰੀ ਮੱਤ ਨਾਲ ਸਬੰਧਤ ਧਾਰਮਿਕ ਕਿਤਾਬ ਦਾ ਪੰਨਾ ਖੰਡਿਤ ਕਰ ਕੇ ਸੁੱਟਿਆ ਗਿਆ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਪਰ ਪੁਲਿਸ ਪੂਰੀ ਤਰ੍ਹਾਂ ਹਰਕਤ ਵਿਚ ਨਹੀਂ ਆਈ। ਇਸ ਤੋਂ ਬਾਅਦ ਕਰੀਬ ਸਾਢੇ ਨੌਂ ਵਜੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਦ ਅਤੇ ਸ੍ਰੀ ਗੁਟਕਾ ਸਾਹਿਬ ਦੇ ਅੰਗ ਖੰਡਿਤ ਕਰਕੇ ਉਪਰੋਂ ਹੇਠਾਂ ਸੁੱਟੇ ਗਏ। ਇਸ ਦਾ ਪਤਾ ਲੱਗਦਿਆਂ ਹੀ ਡੀ ਡੀ ਮਿੱਤਲ ਟਾਵਰ ਦੇ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਸਾਹਮਣੇ ਗੁਰੂਘਰ ਦੇ ਗ੍ਰੰਥੀ ਨੂੰ ਇਸ ਦੀ ਸੂਚਨਾ ਦਿੱਤੀ। ਕੁਝ ਲੋਕਾਂ ਅਤੇ ਗ੍ਰੰਥੀ ਨੇ ਖੰਡਿਤ ਕੀਤੇ ਸ੍ਰੀ ਗੁਟਕਾ ਸਾਹਿਬ ਦੇ ਅੰਗਾਂ ਨੂੰ ਸਨਮਾਨਪੂਰਵਕ ਇਕੱਠਾ ਕੀਤਾ ਅਤੇ ਪੁਲੀਸ ਹਵਾਲੇ ਕਰ ਦਿੱਤਾ। ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਡੀ ਡੀ ਮਿੱਤਲ ਟਾਵਰ ਕਲੋਨੀ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ। ਵੱਡੀ ਗਿਣਤੀ ਪੁਲੀਸ ਫੋਰਸ ਨੇ ਡੀ ਡੀ ਮਿੱਤਲ ਟਾਵਰ ਦੇ ਏ ਬਲਾਕ ਦੀ ਤਲਾਸ਼ੀ ਵੀ ਕੀਤੀ। ਪੁਲੀਸ ਬੇਅਦਬੀ ਦੇ ਇਸ ਮਾਮਲੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆਈ। ਡੀਐੱਸਪੀ ਚਿਰੰਜੀਵ ਦਾ ਕਹਿਣਾ ਸੀ ਕਿ ਡੀ ਡੀ ਮਿੱਤਲ ਮਾਲ ਦੀ ਦਸਵੀਂ ਮੰਜ਼ਿਲ ਤੇ ਇਕ ਐੱਨ ਆਰ ਆਈ ਔਰਤ ਰਹਿ ਰਹੀ ਹੈ ਜਿਸ ਨੇ ਵੱਖ ਵੱਖ ਧਰਮਾਂ ਨਾਲ ਸਬੰਧਤ ਕੁਝ ਕਿਤਾਬਾਂ ਅਤੇ ਸ੍ਰੀ ਗੁਟਕਾ ਸਾਹਿਬ ਨੂੰ ਲੌਬੀ ਵਿੱਚ ਰੱਖਿਆ ਹੋਇਆ ਸੀ । ਉੱਥੋਂ ਹੀ ਗੁਟਕਾ ਸਾਹਿਬ ਦੇ ਅੰਗ ਉੱਡ ਕੇ ਹੇਠਾਂ ਡਿੱਗੇ ਹਨ। ਉਨ੍ਹਾਂ ਦੱਸਿਆ ਕਿ ਫਿਰ ਵੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਸੋਮਵਾਰ ਦੇਰ ਰਾਤ ਪਹਿਲਾਂ ਹਨੂੰਮਾਨ ਚਾਲੀਸਾ ਦੀ ਬੇਅਦਬੀ ਕੀਤੀ ਗਈ ਜਦੋਂ ਕਿ ਅੱਜ ਸਵੇਰੇ ਪਹਿਲਾਂ ਡੇਰਾ ਸਿਰਸਾ ਅਤੇ ਫੇਰ ਨਿਰੰਕਾਰੀ ਮੱਤ ਨਾਲ ਸਬੰਧਤ ਧਾਰਮਿਕ ਕਿਤਾਬਾਂ ਪਾੜ ਕੇ ਸੁੱਟੀਆਂ ਗਈਆਂ, ਪਰ ਜਦੋਂ ਇਸ ਦਾ ਪੁਲਸ ਸਮੇਤ ਕਿਸੇ ਨੇ ਵੀ ਤਿੰਨ ਘੰਟੇ ਕੋਈ ਬਹੁਤਾ ਨੋਟਿਸ ਨਾ ਲਿਆ ਤਾਂ ਫਿਰ ਸ਼ਰਾਰਤੀ ਅਨਸਰ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਦ ਅਤੇ ਸ੍ਰੀ ਗੁਟਕਾ ਸਾਹਿਬ ਦੇ ਅੰਗ ਖੰਡਿਤ ਕਰ ਕੇ ਹੇਠਾਂ ਸੁੱਟ ਦਿੱਤੇ ਜਿਸ ਤੋਂ ਬਾਅਦ ਬੇਅਦਬੀ ਦੀ ਘਟਨਾ ਜੰਗਲ ਦੀ ਅੱਗ ਵਾਂਗ ਫੈਲ ਗਈ। ਨੌਜਵਾਨ ਸਿਕੰਦਰ ਸਿੰਘ ਨੇ ਦੱਸਿਆ ਕਿ ਗੁਟਕਾ ਸਾਹਿਬ ਵਿੱਚ ਦਰਜ ਨੌਵੇਂ ਪਾਤਿਸ਼ਾਹ ਦੇ ਸ਼ਲੋਕ ਵਾਲੇ ਅੰਗਾਂ ਨੂੰ ਖੰਡਿਤ ਕਰਕੇ ਹੇਠਾਂ ਸੁੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਪਹਿਲੀ ਘਟਨਾ ਦੌਰਾਨ ਹੀ ਤੁਰੰਤ ਕਾਰਵਾਈ ਕਰਦੀ ਤਾਂ ਸ੍ਰੀ ਗੁਟਕਾ ਸਾਹਿਬ ਦੀ ਦੂਜੀ ਬੇਅਦਬੀ ਦੀ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸ਼ਾਮ ਤੱਕ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਸੰਗਤਾਂ ਦੇ ਸਹਿਯੋਗ ਨਾਲ ਬਠਿੰਡਾ ਮੁਲਤਾਨੀਆ ਰੋਡ ਨੂੰ ਜਾਮ ਕਰ ਦੇਣਗੇ।

ਜ਼ਿਕਰਯੋਗ ਹੈ ਕਿ ਬੇਅਦਬੀ ਦੀ ਘਟਨਾ ਨੂੰ ਸਭ ਤੋਂ ਪਹਿਲਾਂ ਚੌਥੀ ਮੰਜ਼ਿਲ ਤੇ ਰਹਿਣ ਵਾਲੇ ਇਕ ਪਰਿਵਾਰ ਦੀ ਛੋਟੀ ਬੱਚੀ ਨੇ ਦੇਖਿਆ। ਉਕਤ ਬੱਚੀ ਨੇ ਦੱਸਿਆ ਕਿ ਉੱਪਰ ਤੋਂ ਕੋਈ ਪੰਨੇ ਪਾੜ ਕੇ ਸੁੱਟ ਰਿਹਾ ਸੀ ਜਦੋਂ ਉਸ ਨੇ ਉਪਰ ਦੇਖਿਆ ਤਾਂ ਕੋਈ ਵੀ ਨਜ਼ਰ ਨਹੀਂ ਆਇਆ। ਇਸ ਤੋਂ ਬਾਅਦ ਹੇਠਾਂ ਰਹਿ ਰਹੇ ਲੋਕਾਂ ਨੇ ਦੇਖਿਆ ਤਾਂ ਪਹਿਲਾਂ ਧਾਰਮਿਕ ਕਿਤਾਬਾਂ ਦੇ ਪੰਨੇ ਸਨ ਪਰ ਕਰੀਬ ਤਿੰਨ ਘੰਟੇ ਬਾਅਦ ਸ੍ਰੀ ਗੁਟਕਾ ਸਾਹਿਬ ਦੇ ਅੰਗ ਖੰਡਿਤ ਕਰਕੇ ਸੁੱਟੇ ਗਏ ਜਿਸ ਤੋਂ ਬਾਅਦ ਵੱਡੀ ਗਿਣਤੀ ਲੋਕ ਇਕੱਤਰ ਹੋ ਗਏ। ਡੀ ਡੀ ਮਿੱਤਲ ਪਾਵਰ ਕਲੋਨੀ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ

Posted By: Tejinder Thind