ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਥਾਣਾ ਸਦਰ ਬਠਿੰਡਾ ਦੇ ਵਧੀਕ ਐੱਸਐੱਚਓ ਜਸਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਗੈਂਗਸਟਰ ਸੰਦੀਪ ਸਿੰਘ ਭਾਊ 'ਤੇ ਘਰੇਲੂ ਵਿਵਾਦ ਕਾਰਨ ਉਸਦੇ ਸਕੇ ਭਰਾ ਕਮਲਜੀਤ ਸਿੰਘ ਤੇ ਉਸਦੇ ਭਤੀਜੇ ਤੇਜਪ੍ਰਤਾਪ ਸਿੰਘ ਨੇ ਹਮਲਾ ਕਰ ਦਿੱਤਾ ਸੀ। ਕਮਲਜੀਤ ਸਿੰਘ ਵੱਲੋਂ ਆਪਣੇ ਸਰਵਿਸ ਰਿਵਾਲਵਾਰ ਨਾਲ ਚਲਾਈ ਗੋਲੀ ਕਾਰਨ ਸੰਦੀਪ ਸਿੰਘ ਭਾਊ ਜ਼ਖ਼ਮੀ ਹੋ ਗਿਆ ਸੀ। ਇਸ ਘਟਨਾ ਤੋਂ ਬਾਅਦ ਕਮਲਜੀਤ ਸਿੰਘ ਤੇ ਉਸਦਾ ਡਰਾਈਵਰ ਰਾਹੁਲ ਮੌਕੇ ਤੋਂ ਫ਼ਰਾਰ ਹੋ ਗਏ ਸਨ।

ਇਸ ਦੌਰਾਨ ਸੰਦੀਪ ਭਾਊ ਦੇ ਸਮਰਥਕਾਂ ਨੇ ਭਤੀਜੇ ਤੇਜਪ੍ਰਤਾਪ ਸਿੰਘ ਉਰਫ਼ ਤੇਜਵੀਰ ਨੂੰ ਮੌਕੇ 'ਤੇ ਫੜ੍ਹ ਕੇ ਥਾਣਾ ਸਦਰ ਬਠਿੰਡਾ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਉਕਤ ਨੌਜਵਾਨ ਨੂੰ ਹਵਾਲਾਤ 'ਚ ਬੰਦ ਕਰ ਦਿੱਤਾ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਥਾਣਾ ਸਦਰ 'ਤੇ ਅਦਾਲਤ ਦੇ ਕਿਸੇ ਜੱਜ ਦੀ ਰੇਡ ਪੈਣ ਵਾਲੀ ਹੈ।

ਇਸ ਦੇ ਮੱਦੇਨਜ਼ਰ ਪੁਲਿਸ ਨੇ ਹਵਾਲਾਤ 'ਚ ਬੰਦ ਕੀਤੇ ਵਿਅਕਤੀਆਂ ਨੂੰ ਇੱਧਰ-ਉੱਧਰ ਕਰ ਦਿੱਤਾ ਪਰ ਐੱਸਐੱਚਓ ਦੇ ਆਦੇਸ਼ਾਂ ਬਾਅਦ ਇਕ ਏਐੱਸਆਈ ਸੰਦੀਪ ਭਾਊ 'ਤੇ ਹਮਲਾ ਕਰਨ ਵਾਲੇ ਤੇਜਪ੍ਰਤਾਪ ਸਿੰਘ ਨੂੰ ਆਪਣੇ ਘਰ ਲੈ ਗਿਆ ਜਿੱਥੋਂ ਕਥਿਤ ਦੋਸ਼ੀ ਤੇਜਪ੍ਰਤਾਪ ਸਿੰਘ ਫ਼ਰਾਰ ਹੋ ਗਿਆ। ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਡਿਊਟੀ 'ਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਐਡੀਸ਼ਨਲ ਐੱਸਐੱਚਓ ਜਸਵਿੰਦਰ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ।