ਗੁਰਜੀਵਨ ਸਿੰਘ ਸਿੱਧੂ, ਨਥਾਣਾ : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਰਾਜਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ, ਉੱਥੇ ਪੰਜਾਬ ਲਈ ਰਾਜਸੀ ਖੇਤਰ ਦੀ ਅਸਲੋਂ ਹੀ ਨਵੀਂ ਆਲ ਇੰਡੀਆ ਤਿ੍ਣਮੂਲ ਕਾਂਗਰਸ ਪਾਰਟੀ ਨੇ ਵੀ ਸਿਆਸੀ ਸਰਗਰਮੀਆਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਪੰਜਾਬ ਦਾ ਇਕ ਛੇ ਮੈਂਬਰੀ ਵਫਦ ਪਾਰਟੀ ਦੀ ਹਾਈ ਕਮਾਂਡ ਨਾਲ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਪੱਛਮੀ ਬੰਗਾਲ ਗਿਆ ਸੀ, ਜੋ ਕਿ ਅੱਜ ਵਾਪਸ ਆ ਗਿਆ। ਇਸ ਸਬੰਧੀ ਟੀਐੱਮਸੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਸੋਮੀ ਤੁੰਗਵਾਲੀਆ ਨੇ ਦੱਸਿਆ ਕਿ ਪਾਰਟੀ ਪੰਜਾਬ 'ਚ ਵਿਧਾਨ ਸਭਾ ਚੋਣਾਂ 117 ਸੀਟਾਂ 'ਤੇ ਲੜੇਗੀ। ਉਨ੍ਹਾਂ ਅੱਗੇ ਦੱਸਿਆ ਕਿ ਉਮੀਦਵਾਰਾਂ ਦਾ ਐਲਾਨ ਬਹੁਤ ਜਲਦੀ ਅਕਤੂਬਰ ਮਹੀਨੇ 'ਚ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਪੰਜਾਬ ਆ ਕੇ ਕਰਨਗੇ। ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਬਾਰੇ ਉਨਾਂ੍ਹ ਕਿਹਾ ਕਿ ਟੀਐੱਮਸੀ 'ਚ ਜੇਕਰ ਉਹ ਆਉਂਦੇ ਹਨ ਤਾਂ ਉਨਾਂ੍ਹ ਦੇ ਸਿਆਸੀ ਕੱਦ ਦੇ ਅਨੁਸਾਰ ਮਾਨ ਸਨਮਾਨ ਦਿੱਤਾ ਜਾਵੇਗਾ ਤੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਨ੍ਹਾਂ ਨੂੰ ਉਤਾਰਨ ਬਾਰੇ ਵੀ ਹਾਈ ਕਮਾਂਡ ਨਾਲ ਵਿਚਾਰ ਕੀਤਾ ਜਾਵੇਗਾ। ਪੱਛਮੀ ਬੰਗਾਲ ਜਾਣ ਵਾਲੇ ਇਸ ਵਫਦ 'ਚ ਸੂਬਾ ਜਨਰਲ ਸਕੱਤਰ ਸੋਮੀ ਤੁੰਗਵਾਲੀਆ ਤੋਂ ਇਲਾਵਾ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਸਰਾਂ, ਸੂਬਾ ਮੀਤ ਪ੍ਰਧਾਨ ਯੂਥ ਵਿੰਗ ਜਗਮੋਹਣ ਸਿੰਘ, ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੱਟੀ, ਮਾਲਵਾ ਜ਼ੋਨ ਯੂਥ ਵਿੰਗ ਪ੍ਰਧਾਨ ਮਨਜੀਤ ਸਿੰਘ ਆਦਿ ਸ਼ਾਮਲ ਸਨ।