ਗੁਰਤੇਜ ਸਿੰਘ ਸਿੱਧੂ, ਬਠਿੰਡਾ : ਸ਼ਰਾਰਤੀ ਅਨਸਰਾਂ ਵੱਲੋਂ ਠੱਗੀ ਮਾਰਨ ਦੇ ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਪਹਿਲਾਂ ਇਹ ਧੋਖੇਬਾਜ਼ ਆਪਣੇ ਰਿਸ਼ਤੇਦਾਰ ਦੱਸ ਕੇ ਕੈਨੇਡਾ ਤੋਂ ਲੱਖਾਂ ਰੁਪਏ ਭੇਜਣ ਦਾ ਝਾਂਸਾ ਦੇ ਪੰਜਾਬ ਦੇ ਲੋਕਾਂ ਨਾਲ ਠੱਗੀਆਂ ਮਾਰ ਰਹੇ ਸਨ, ਪਰ ਹੁਣ ਇਨਾਂ੍ਹ ਠੱਗਾਂ ਨੇ ਨਵੇਂ-ਨਵੇਂ ਬਹਾਣਿਆਂ ਤਹਿਤ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਠੱਗਾਂ ਦੇ ਲੋਕਾਂ ਨੂੰ ਵਕੀਲ ਜਾਂ ਪੁਲਿਸ ਵਾਲੇ ਬਣ ਕੇ ਫੋਨ ਆ ਰਹੇ ਹਨ ਕਿ ਤੁਹਾਡਾ ਫਲਾਣੇ ਰਿਸ਼ਤੇਦਾਰ ਦੀ ਕੈਨੇਡਾ ਵਿਚ ਗੋਰੇ ਨਾਲ ਲੜਾਈ ਹੋ ਗਈ ਹੈ ਅਤੇ ਉਸਦੇ ਬਚਾਅ ਲਈ ਤੁਸੀਂ ਪੈਸੇ ਭੇਜੋ। ਅਜਿਹਾ ਹੀ ਇਕ ਧੋਖਾ ਬਠਿੰਡਾ ਦੇ ਭਗਤਾ ਭਾਈਕਾ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ ਹੋਇਆ ਹੈ। ਉਸ ਨੂੰ ਭਾਣਜੇ ਜਵਾਈ ਦੱਸ ਕੇ 29 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਇਸ ਸਬੰਧੀ ਉਸ ਨੂੰ ਵਿਦੇਸ਼ ਨੰਬਰ ਤੋਂ ਫ਼ੋਨ ਆਇਆ ਕਿ ਉਸ ਦੇ ਭਤੀਜੇ-ਜਵਾਈ ਨੇ ਇਕ ਅੰਗਰੇਜ਼ ਨੂੰ ਜ਼ਖ਼ਮੀ ਕਰ ਦਿੱਤਾ ਹੈ ਤੇ ਕੈਨੇਡੀਅਨ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਹੈ। ਉਸਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕਾਰਵਾਈ ਤੋਂ ਬਚਣ ਅਤੇ ਜ਼ਮਾਨਤ ਲਈ ਪੈਸੇ ਦੀ ਫੌਰੀ ਲੋੜ ਹੈ। ਜ਼ਮਾਨਤ ਮਿਲਣ ਤੋਂ ਬਾਅਦ ਤੁਰੰਤ ਆਪਣੇ ਪੈਸੇ ਵਾਪਸ ਕਰ ਦੇਣਗੇ। ਪੈਸੇ ਭੇਜਣ ਤੋਂ ਬਾਅਦ ਜਦੋਂ ਪੀੜਤ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੈਸੇ ਮੰਗਣ ਵਾਲੇ ਜਵਾਈ ਬਾਰੇ ਪੁੱਿਛਆ ਤਾਂ ਉਸ ਨੂੰ ਸੱਚਾਈ ਦਾ ਪਤਾ ਲੱਗਾ, ਜਿਸ ਤੋਂ ਬਾਅਦ ਉਸ ਨੇ ਆਪਣੇ ਨਾਲ ਹੋਈ ਧੋਖਾਧੜੀ ਦੀ ਲਿਖਤੀ ਸ਼ਕਿਾਇਤ ਐਸਐਸਪੀ ਬਠਿੰਡਾ ਨੂੰ ਦਿੱਤੀ। ਪੁਲੀਸ ਦੇ ਈਓ ਵਿੰਗ ਨੇ ਮਾਮਲੇ ਦੀ ਜਾਂਚ ਕਰਨ ਮਗਰੋਂ ਮੋਬਾਈਲ ਨੰਬਰ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਦਿਆਲਪੁਰਾ ਨੇੜੇ ਭਗਤਾ ਭਾਈਕਾ ਦੇ ਵਸਨੀਕ ਸਤਪਾਲ ਸਿੰਗਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 21 ਦਸੰਬਰ 2022 ਨੂੰ ਉਸ ਦੇ ਮੋਬਾਈਲ ਨੰਬਰ 'ਤੇ ਕੈਨੇਡੀਅਨ ਨੰਬਰ ਤੋਂ ਫ਼ੋਨ ਆਇਆ। ਇਸ ਸਬੰਧੀ ਫੋਨ 'ਤੇ ਗੱਲ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਉਸ ਦਾ ਭਾਣਜ ਜਵਾਈ ਅਮਨ ਬੋਲ ਰਿਹਾ ਹੈ। ਉਹ ਇਸ ਸਮੇਂ ਮੁਸੀਬਤ ਵਿਚ ਹੈ। ਉਸ ਨੇ ਆਪਣੇ ਵਕੀਲ ਨਾਲ ਗੱਲ ਕਰਵਾਈ। ਅਮਨ ਦਾ ਵਕੀਲ ਦੱਸਦਿਆਂ ਵਾਰਤਾਕਾਰ ਨੇ ਦੱਸਿਆ ਕਿ ਅਮਨ ਅਤੇ ਉਸ ਦਾ ਸਾਥੀ ਕੈਨੇਡਾ ਦੇ ਇਕ ਕਲੱਬ ਵਿਚ ਬੈਠੇ ਸਨ। ਪਰ ਅਮਨ ਦੇ ਦੋਸਤ ਨੇ ਇਕ ਅੰਗਰੇਜ਼ ਦੇ ਸਿਰ 'ਤੇ ਬੋਤਲ ਮਾਰੀ ਹੈ, ਜਿਸ ਕਾਰਨ ਅੰਗਰੇਜ਼ ਜ਼ਖਮੀ ਹੋ ਗਿਆ ਹੈ ਅਤੇ ਉਸ ਖਿਲਾਫ ਪੁਲਿਸ ਕਾਰਵਾਈ ਕੀਤੀ ਜਾਵੇਗੀ। ਉਸ ਨੂੰ ਪੁਲਿਸ ਕਾਰਵਾਈ ਤੋਂ ਬਚਣ ਅਤੇ ਜ਼ਖਮੀ ਅੰਗਰੇਜ਼ ਨੂੰ ਮੁਆਵਜ਼ਾ ਦੇਣ ਲਈ 29 ਲੱਖ ਦੀ ਫੌਰੀ ਲੋੜ ਹੈ। ਪੀੜਤ ਨੇ ਦੱਸਿਆ ਕਿ ਇਹ ਖਬਰ ਸੁਣ ਕੇ ਉਹ ਘਬਰਾ ਗਿਆ ਅਤੇ ਬਿਨਾਂ ਕਿਸੇ ਦੇਰੀ ਦੇ ਪੈਸਿਆਂ ਦਾ ਇੰਤਜ਼ਾਮ ਕਰਕੇ ਵੱਖ-ਵੱਖ ਕਿਸ਼ਤਾਂ ਵਿਚ ਉਕਤ ਵਿਅਕਤੀ ਦੇ ਦੱਸੇ ਖਾਤੇ ਵਿਚ ਪੈਸੇ ਟਰਾਂਸਫਰ ਕਰ ਦਿੱਤੇ। ਇਸ ਸਬੰਧੀ ਅਗਲੇ ਦਿਨ ਜਦੋਂ ਉਸ ਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਤਾਂ ਸਾਹਮਣੇ ਆਇਆ ਕਿ ਉਕਤ ਘਟਨਾ ਬਿਲਕੁਲ ਨਹੀਂ ਵਾਪਰੀ ਸਗੋਂ ਧੋਖੇਬਾਜ਼ਾਂ ਨੇ ਉਸ ਨਾਲ ਠੱਗੀ ਮਾਰੀ ਹੈ। ਇਸ ਤੋਂ ਬਾਅਦ ਪੀੜਤਾ ਨੇ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।