ਜੇਐੱਨਐੱਨ, ਬਠਿੰਡਾ : ਵੈਸੇ ਤਾਂ ਪੰਜਾਬ 'ਚ ਵਿਆਹ ਪੂਰੀ ਸ਼ਾਨ-ਓ-ਸ਼ੌਕਤ ਨਾਲ ਕੀਤੇ ਜਾਂਦੇ ਹਨ, ਪਰ ਬਠਿੰਡਾ ਦੇ ਪਿੰਡ ਗਹਿਰੀ ਬੁੱਟਰ 'ਚ ਹੋਏ ਬਰਨਾਲਾ ਦੇ ਪਰਮਿੰਦਰ ਸਿੰਘ ਤੇ ਸੰਗਤ ਬਲਾਕ ਦੇ ਮਹਿਤਾ ਪਿੰਡ ਦੀ ਪਰਮਿੰਦਰ ਕੌਰ ਦਾ ਵਿਆਹ ਆਪਣੇ-ਆਪ 'ਚ ਵੱਖਰਾ ਰਿਹਾ। ਇਥੇ ਨਾ ਤਾਂ ਰੌਲਾ-ਲੱਪਾ ਸੀ ਤੇ ਨਾ ਹੀ ਡੀਜੇ ਜਾਂ ਡਾਂਸਰਾਂ। ਮੰਡਪ 'ਚ ਵਿਆਹ ਦੀ ਸਟੇਜ ਦੀ ਥਾਂ ਕਿਤਾਬਾਂ ਦਾ ਸਟਾਲ ਲੱਗਾ, ਜਿਥੇ ਲਾੜੇ ਤੇ ਵੋਹਟੀ ਨੇ ਅੱਠ ਕਿਤਾਬਾਂ ਖ਼ਰੀਦ ਕੇ ਆਪਣੀ ਜ਼ਿੰਦਗੀ ਦਾ ਨਵਾਂ ਚੈਪਟਰ ਸ਼ੁਰੂ ਕੀਤਾ।

ਬਠਿੰਡਾ ਦੇ ਪਿੰਡ ਮਹਿਤਾ ਦੇ ਜਗਜੀਤ ਦੀ ਬੇਟੀ ਪਰਮਿੰਦਰ ਕੌਰ ਦਾ ਵਿਆਹ 20 ਜਨਵਰੀ ਨੂੰ ਬਰਨਾਲਾ ਦੇ ਅਵਤਾਰ ਸਿੰਘ ਦੇ ਬੇਟੇ ਪਰਮਿੰਦਰ ਸਿੰਘ ਨਾਲ ਪਿੰਡ ਗਹਿਰੀ ਬੁੱਟਰ ਦੇ ਮੈਰਿਜ ਪੈਲੇਸ 'ਚ ਹੋਇਆ। ਸਾਦਗੀ ਨਾਲ ਹੋਏ ਇਸ ਵਿਆਹ 'ਚ ਮੰਡਪ 'ਤੇ ਲੱਖਾਂ ਦੀ ਸਜਾਵਟ ਦੀ ਥਾਂ ਕਿਤਾਬਾਂ ਦਾ ਸਟਾਲ ਲਗਾਇਆ ਗਿਆ। ਇਸ 'ਚ ਲਾੜੇ ਦੇ ਪਰਿਵਾਰ ਵਾਲਿਆਂ ਤੇ ਰਿਸ਼ਤੇਦਾਰਾਂ ਨੇ ਕਿਤਾਬਾਂ ਦੀ ਖ਼ਰੀਦਦਾਰੀ ਕੀਤੀ। ਲਾੜਾ-ਲਾੜੀ ਨੇ ਵੀ 800 ਰੁਪਏ ਦੀਆਂ ਅੱਠ ਕਿਤਾਬਾਂ ਖ਼ਰੀਦੀਆਂ। ਇਹੀ ਨਹੀਂ ਡੀਜੇ ਦੀ ਥਾਂ ਕੀਰਤੀ ਕਿਰਪਾਲ ਦੀ ਟੀਮ ਨੇ ਨਾਟਕ ਪੇਸ਼ ਕਰਕੇ ਜਾਗਰੂਕਤਾ ਦੀ ਅਲਖ ਜਗਾਈ। ਟੀਮ ਨੇ ਪਹਿਲਾਂ ਸਮਾਜਿਕ ਕੁਰੀਤੀਆਂ ਤੇ ਸਿਆਸਤ 'ਤੇ ਨਾਟਰ 'ਟੋਇਆ' ਪੇਸ਼ ਕੀਤਾ। ਫਿਰ ਨਾਟਕ 'ਸੌਦਾਗਰ' ਰਾਹੀਂ ਨਸ਼ੇ ਖ਼ਿਲਾਫ਼ ਵੀ ਜਾਗਰੂਕ ਕੀਤਾ।

ਬਿਨਾਂ ਦਾਜ ਦਾ ਵਿਆਹ

ਗ੍ਰੈਜੂਏਟ ਗੁਰ ਸਿੱਖ ਲਾੜਾ ਪਰਮਿੰਦਰ ਬਰਨਾਲਾ 'ਚ ਲੋਕ ਨਿਰਮਾਣ ਵਿਭਾਗ 'ਚ ਕਲਰਕ ਹੈ। ਲਾੜੀ ਪੋਸਟ ਗ੍ਰੈਜੂਏਟ ਹੈ ਤੇ ਵਿਆਹ ਤੋਂ ਪਹਿਲਾਂ ਇਕ ਨਿੱਜੀ ਕਾਲਜ 'ਚ ਪ੍ਰਰੋਫੈਸਰ ਸੀ। ਦੋਵਾਂ ਨੇ ਬਿਨਾਂ ਦਾਜ ਦੇ ਵਿਆਹ ਕਰਕੇ ਸਮਾਜ ਨੂੰ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕੀਤੀ। ਲਾੜੀ ਦੇ ਪਿਤਾ ਜਗਜੀਤ ਸਿੰਘ ਪਾਵਰਕਾਮ 'ਚ ਤਾਇਨਾਤ ਹਨ। ਉਹ ਪਾਵਰਕਾਮ 'ਚ ਟੈਕਨੀਕਲ ਸਰਵਿਸ ਯੂਨੀਅਨ ਦੇ ਨੇਤਾ ਵੀ ਹਨ।

ਜਦੋਂ ਰਿਸ਼ਤੇਦਾਰਾਂ ਨੇ ਨਾ ਮੰਨੀ ਗੱਲ ਤਾਂ ਆਪ ਲਿਆਂਦੀ ਸਾਦਗੀ ਨਾਲ ਬਰਾਤ

ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਵਿਆਹਾਂ 'ਤੇ ਕੀਤੇ ਜਾ ਰਹੇ ਲੱਖਾਂ ਰੁਪਏ ਦੇ ਖਰਚੇ ਤੋਂ ਉਹ ਦੁਖੀ ਹਨ। ਉਹ ਹਮੇਸ਼ਾ ਰਿਸ਼ਤੇਦਾਰਾਂ ਨੂੰ ਨਸੀਹਤ ਦਿੰਦਾ ਸੀ ਕਿ ਉਹ ਆਪਣੇ ਬੱਚਿਆਂ ਦੇ ਵਿਆਹ ਸਾਦਗੀ ਨਾਲ ਕਰਨ। ਕੋਈ ਨਹੀਂ ਮੰਨਦਾ ਸੀ। ਉਲਟਾ ਉਸ ਨੂੰ ਨਸੀਹਤ ਦਿੰਦੇ ਸਨ ਕਿ ਉਹ ਆਪਣਾ ਵਿਆਹ ਸਾਦਗੀ ਨਾਲ ਕਰੇ। ਇਸ ਲਈ ਜਦੋਂ ਉਸ ਦਾ ਵਿਆਹ ਤੈਅ ਹੋਇਆ ਤਾਂ ਉਸ ਨੇ ਆਪਣੇ ਪਰਿਵਾਰ ਦੇ ਨਾਲ-ਨਾਲ ਲੜਕੀ ਵਾਲਿਆਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਉਨ੍ਹਾਂ ਦਾ ਵਿਆਹ ਬਿਲਕੁੱਲ ਸਾਦੇ ਢੰਗ ਨਾਲ ਹੋਵੇਗਾ।

ਵਿਆਹਾਂ 'ਚ ਫਾਲਤੂ ਖਰਚੇ ਨਾ ਕਰਨ ਤੇ ਦਾਜ ਨਾ ਲੈਣ ਦਾ ਦਿੱਤਾ ਸੰਦੇਸ਼

ਲਾੜੇ ਪਰਮਿੰਦਰ ਸਿੰਘ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਸਾਨੂੰ ਵਿਆਹਾਂ 'ਚ ਫਾਲਤੂ ਖਰਚੇ ਨਹੀਂ ਕਰਨੇ ਚਾਹੀਦੇ। ਦਾਜ ਵੀ ਨਾ ਲਓ ਤਾਂ ਜੋ ਸਮਾਜ 'ਚੋਂ ਇਸ ਕੁਰੀਤੀ ਨੂੰ ਖ਼ਤਮ ਕੀਤਾ ਜਾ ਸਕੇ।