ਦੀਪਕ ਸ਼ਰਮਾ, ਬਠਿੰਡਾ : ਬੇਰੁਜ਼ਗਾਰੀ ਦੇ ਝੰਬੇ ਨੌਜਵਾਨਾਂ ਨਾਲ ਠੱਗੀਆਂ ਮਾਰਨ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਹਨ। ਰੁਜ਼ਗਾਰ ਪਾਉਣ ਲਈ ਨੌਜਵਾਨ ਹਰ ਕੀਮਤ ਅਦਾ ਕਰਨ ਲਈ ਤਿਆਰ ਰਹਿੰਦੇ ਹਨ ਤੇ ਕਈ ਵਾਰੀ ਉਹ ਠੱਗਾਂ ਦੇ ਜਾਲ 'ਚ ਫਸ ਕੇ ਆਪਣੀ ਬਚਾਈ ਹੋਈ ਜਮ੍ਹਾਂ ਪੂੰਜੀ ਵੀ ਗਵਾ ਬੈਠਦੇ ਹਨ। ਇਸੇ ਤਰ੍ਹਾਂ ਸਰਕਾਰੀ ਹਸਪਤਾਲ 'ਚ ਕੰਮ ਕਰਦੇ ਇਕ ਮੁਲਾਜ਼ਮ ਵੱਲੋਂ ਦਰਜਾ ਚਾਰ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 22 ਨੌਜਵਾਨਾਂ ਨਾਲ 45 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਵੱਡੀ ਗਿਣਤੀ 'ਚ ਆਏ ਪੀੜਤ ਨੌਜਵਾਨਾਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਸਿਵਲ ਸਰਜਨ ਦਫਤਰ ਦੇ ਬਾਹਰ ਉਕਤ ਮੁਲਾਜ਼ਮ ਨੂੰ ਘੇਰ ਕੇ ਆਪਣੇ ਰੁਪਏ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ। ਲੋਕਾਂ ਦੇ ਰੋਹ ਨੂੰ ਦੇਖਦਿਆਂ ਹੋਇਆ ਉਕਤ ਮੁਲਾਜ਼ਮ ਨੇ ਠੱਗੀ ਮਾਰਨ ਦਾ ਠੀਕਰਾ ਸਿਵਲ ਸਰਜਨ ਦਫ਼ਤਰ ਵਿਚ ਕੰਮ ਕਰਦੇ ਇਕ ਸੁਪਰਡੈਂਟ ਦੇ ਸਿਰ ਤੇ ਭੰਨ ਦਿੱਤਾ, ਪਰ ਉਕਤ ਸੁਪਰਡੈਂਟ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਹੋਇਆ ਕਿਹਾ ਕਿ ਉਸ ਉਪਰ ਇਲਜ਼ਾਮ ਲਗਾਉਣ ਵਾਲਾ ਮੁਲਾਜ਼ਮ ਠੱਗੀਆਂ ਮਾਰਨ ਦਾ ਆਦੀ ਹੈ। ਇਸ ਤੋਂ ਪਹਿਲਾਂ ਵੀ ਉਹ ਸਰਕਾਰੀ ਹਸਪਤਾਲ ਵਿਚੋਂ ਸੇਵਾਮੁਕਤ ਹੋਏ ਇਕ ਮੁਲਾਜ਼ਮ ਨਾਲ ਠੱਗੀ ਮਾਰ ਚੁੱਕਾ ਹੈ। ਉਕਤ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ। ਕਾਫੀ ਚਿਰ ਹੋਏ ਹੰਗਾਮੇ ਤੋਂ ਬਾਅਦ ਇਹ ਮਾਮਲਾ ਸਰਕਾਰੀ ਹਸਪਤਾਲਾਂ ਵਿਚ ਸਥਿਤ ਪੁਲਿਸ ਚੌਕੀ ਵਿਚ ਪਹੁੰਚ ਗਿਆ, ਜਿੱਥੇ ਮੌਜੂਦ ਏਐੱਸਆਈ ਜਸਵੰਤ ਸਿੰਘ ਨੇ ਪੀੜਤ ਪੱਖ ਦੀ ਗੱਲ ਸੁਣੀ ਤੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਉਕਤ ਮੁਲਜ਼ਮ ਤੋਂ ਪੁੱਛ ਗਿੱਛ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਆਪਣੇ ਨਾਲ ਵੱਜੀ ਠੱਗੀ ਦੀ ਜਾਣਕਾਰੀ ਦਿੰਦਿਆਂ ਹੋਇਆਂ ਗੁਰਭਗਤ ਸਿੰਘ ਵਾਸੀ ਲਹਿਰਾ ਮੁਹੱਬਤ ਨੇ ਦੱਸਿਆ ਕਿ ਦਸ ਮਹੀਨੇ ਪਹਿਲਾਂ ਉਨਾਂ੍ਹ ਦੀ ਮੁਲਾਕਾਤ ਸਰਕਾਰੀ ਹਸਪਤਾਲ ਵਿਚ ਕੰਮ ਕਰਦੇ ਮੁਲਾਜ਼ਮ ਨਾਲ ਹੋਈ ਸੀ। ਉਕਤ ਮੁਲਾਜ਼ਮ ਨੇ ਦੱਸਿਆ ਸੀ ਕਿ ਸਿਹਤ ਵਿਭਾਗ ਦੇ ਡਾਇਰੈਕਟਰ ਨੇ ਆਪਣੇ ਕੋਟੇ ਵਿੱਚੋਂ ਮੁਲਾਜ਼ਮਾਂ ਦੀ ਭਰਤੀ ਕਰਨੀ ਹੈ ਤੇ ਉਸ ਦੀ ਡਾਇਰੈਕਟਰ ਦੇ ਦਫਤਰ 'ਚ ਚੰਗੀ ਜਾਣ ਪਛਾਣ ਹੈ।

ਇਸ ਲਈ ਉਹ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਤੇ ਲਗਵਾ ਸਕਦਾ ਹੈ, ਜਿਸ ਲਈ ਢਾਈ ਲੱਖ ਰੁਪਈਆ ਪਰ ਵਿਅਕਤੀ ਖਰਚ ਆਵੇਗਾ। ਪੀੜਤ ਵਿਅਕਤੀ ਨੇ ਦੱਸਿਆ ਕਿ ਉਕਤ ਮੁਲਾਜ਼ਮਾਂ ਦੀਆਂ ਗੱਲਾਂ ਦੇ ਝਾਂਸੇ ਵਿਚ ਆ ਕੇ ਉਸ ਸਮੇਤ ਵੱਖ-ਵੱਖ ਪਿੰਡਾਂ ਦੇ ਬਾਈ ਨੌਜਵਾਨਾਂ ਨੇ ਢਾਈ ਲੱਖ ਰੁਪਏ ਦੇ ਹਿਸਾਬ ਨਾਲ 45 ਲੱਖ ਰੁਪਿਆ ਇਕੱਠਾ ਕਰਕੇ ਉਕਤ ਮੁਲਾਜ਼ਮ ਨੂੰ ਦੇ ਦਿੱਤਾ, ਪਰ ਰੁਪਏ ਲੈਣ ਤੋਂ ਬਾਅਦ ਉਕਤ ਮੁਲਜ਼ਮ ਟਾਲਮਟੋਲ ਕਰਨ ਲੱਗ ਪਿਆ। ਪੀੜਤ ਪੱਖ ਨੇ ਦੱਸਿਆ ਕਿ ਦਸ ਮਹੀਨੇ ਉਡੀਕਣ ਤੋਂ ਬਾਅਦ ਜਦ ਉਨ੍ਹਾਂ ਨੇ ਉਕਤ ਮੁਲਜ਼ਮ ਨੂੰ ਘੇਰ ਕੇ ਰੁਪਈਆਂ ਦੀ ਮੰਗ ਕੀਤੀ ਤਾਂ ਉਸ ਨੇ ਚੈੱਕ ਦੇ ਦਿੱਤੇ ਤੇ ਅਸ਼ਟਾਮ ਲਿਖ ਕੇ ਰੁਪਈਏ ਵਾਪਸ ਕਰਨ ਦਾ ਵਾਅਦਾ ਕੀਤਾ ਸੀ, ਪਰ ਮਹੀਨਾ ਬੀਤ ਜਾਣ ਬਾਅਦ ਦੇ ਰੁਪਏ ਵਾਪਸ ਨਾ ਕੀਤੇ ਤਾਂ ਉਨਾਂ੍ਹ ਨੂੰ ਮਜਬੂਰਨ ਹਸਪਤਾਲ ਵਿਚ ਆ ਕੇ ਇਸ ਮੁਲਾਜ਼ਮ ਨੂੰ ਘੇਰਨਾ ਪਿਆ। ਇਸ ਮੌਕੇ ਠੱਗੀ ਦਾ ਸ਼ਿਕਾਰ ਹੋਏ ਮਨਜੀਤ ਸਿੰਘ ਲਹਿਰਾ ਮੁਹੱਬਤ, ਨਿਰਮਲ ਸਿੰਘ, ਬਲਰਾਜ ਸਿੰਘ, ਤਾਰਾ ਸਿੰਘ, ਗੁਰਲਾਭ ਸਿੰਘ ਵਾਸੀ ਪਿੰਡ ਬਹਾਦਰਗੜ੍ਹ ਜੰਡੀਆਂ, ਗੁਰਵਿੰਦਰ ਸਿੰਘ ਵਾਸੀ ਜੋਗਾਨੰਦ ਸਮੇਤ ਦਰਜਨ ਦੇ ਕਰੀਬ ਨੌਜਵਾਨ ਮੌਜੂਦ ਸਨ। ਪੀੜਤ ਵਿਅਕਤੀਆਂ ਨੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਮੁਲਜ਼ਮ ਖਿਲਾਫ ਠੱਗੀ ਮਾਰਨ ਦੇ ਦੋਸ਼ਾਂ ਹੇਠ ਪਰਚਾ ਦਰਜ ਕੀਤਾ ਜਾਵੇ ਅਤੇ ਉਨ੍ਹਾਂ ਦੀ ਬਣਦੀ ਰਕਮ ਵਾਪਸ ਦਿਵਾਈ ਜਾਵੇ। ਇਸ ਸਬੰਧੀ ਸਰਕਾਰੀ ਹਸਪਤਾਲ ਦੇ ਐੱਸਐੱਮਓ ਡਾ. ਮਨਿੰਦਰਪਾਲ ਸਿੰਘ ਦਾ ਕਹਿਣਾ ਸੀ ਕਿ ਉਹ ਛੁੱਟੀ 'ਤੇ ਚੱਲ ਰਹੇ ਹਨ ਇਸ ਲਈ ਉਕਤ ਮਾਮਲਾ ਉਨਾਂ ਦੇ ਧਿਆਨ ਵਿਚ ਨਹੀਂ ਹੈ। ਚੌਂਕੀ ਇੰਚਾਰਜ਼ ਰਾਜਿੰਦਰ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ।