ਗੁਰਤੇਜ ਸਿੰਘ ਸਿੱਧੂ, ਬਠਿੰਡਾ : ਪੁਲਿਸ ਦੁਆਰਾ ਫੜ੍ਹੇ ਗਏ ਨਸ਼ਾ ਤਸਕਰਾਂ ਨੂੰ ਛੁਡਵਾਉਣ ਲਈ ਦੋ ਲੱਖ ਰੁਪਏ ਦੀ ਰਿਸ਼ਵਤ ਵਸੂਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਤੇ ਉਸਦੇ ਸਾਥੀ ਕੌਂਸਲਰ ਵਿਰੁੱਧ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਆਪ ਆਗੂ ਜਸਵੀਰ ਸਿੰਘ ਫੌਜੀ ਵਾਸੀ ਕੋਠਾਗੁਰੂ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦੋਂ ਕਿ ਕੌਂਸਲਰ ਜਸਵੰਤ ਸਿੰਘ ਉਰਫ਼ ਕਾਲਾ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਨੂੰ ਪੰਜਾਬੀ ਜਾਗਰਣ ਨੇ ਮੰਗਲਵਾਰ ਦੇ ਅੰਕ ਵਿਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿਚ ਆਇਆ ਹੈ। ਦੂਜੇ ਪਾਸੇ ਗਿ੍ਫ਼ਤਾਰ ਕੀਤੇ ਗਏ ਦੋ ਨੌਜਵਾਨਾਂ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਨਾਂ੍ਹ ਦੇ ਪੁੱਤਰਾਂ ਸਮੇਤ ਚਾਰ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਸੀ, ਜਿਸ ਵਿੱਚੋਂ ਦੋ ਨੌਜਵਾਨਾਂ ਨੂੰ ਪੁਲਿਸ ਨੇ ਰਿਸ਼ਵਤ ਲੈ ਕੇ ਛੱਡਿਆ ਹੈ। ਪ੍ਰਰਾਪਤ ਜਾਣਕਾਰੀ ਅਨਸਾਰ ਐੱਸਐੱਸਪੀ ਦੀ ਅਗਵਾਈ ਹੇਠ ਕੰਮ ਕਰਨ ਵਾਲੇ ਸਪੈਸ਼ਲ ਸਟਾਫ਼ ਬਠਿੰਡਾ ਦੀ ਪੁਲਿਸ ਨੇ ਐਤਵਾਰ ਨੂੰ ਪਿੰਡ ਕੋਠਾਗੁਰੂ ਦੇ ਦੋ ਨੌਜਵਾਨਾਂ ਨੂੰ 28 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ। ਇਸ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀ ਕੁਲਦੀਪ ਸਿੰਘ ਦੀ ਮਾਤਾ ਪਾਲ ਕੌਰ, ਰਛਪਾਲ ਸਿੰਘ ਤੇ ਹੋਰਨਾਂ ਨੇ ਐੱਸਐੱਸਪੀ ਨੂੰ ਸ਼ਿਕਾਇਤ ਦੇ ਕੇ ਦੱਸਿਆ ਕਿ ਉਸਦੇ ਪੁੱਤਰ ਨੂੰ ਪੁਲਿਸ ਨੇ ਤਿੰਨ ਹੋਰ ਨੌਜਵਾਨਾਂ ਸਮੇਤ ਗਿ੍ਫ਼ਤਾਰ ਕੀਤਾ ਸੀ। ਜਦੋਂ ਇਸਦਾ ਪਤਾ ਉਨਾਂ੍ਹ ਨੂੰ ਲੱਗਾ ਤਾਂ ਉਹ ਭੱਠੇ ਨੇੜੇ ਖੜ੍ਹੀ ਪੁਲਿਸ ਪਾਰਟੀ ਕੋਲ ਜਾ ਰਹੇ ਸੀ ਕਿ ਪੁਲਿਸ ਪਾਰਟੀ ਦੇ ਨੇੜੇ ਆਪ ਆਗੂ ਜਸਵੀਰ ਸਿੰਘ ਫੌਜੀ ਅਤੇ ਕੌਂਸਲਰ ਜਸਵੰਤ ਸਿੰਘ ਕਾਲਾ ਖੜ੍ਹੇ ਸਨ। ਉਕਤ ਦੋਵਾਂ ਨੇ ਕਿਹਾ ਕਿ ਨਸ਼ਾ ਜਿਆਦਾ ਫੜਿ੍ਹਆ ਗਿਆ ਹੈ, ਇਸ ਲਈ ਮੁੰਡਿਆਂ ਨੂੰ ਛੁਡਵਾਉਣ ਲਈ 15 ਲੱਖ ਰੁਪਏ ਲੱਗਣਗੇ। ਪੀੜਤ ਪਾਲ ਕੌਰ ਨੇ ਦੱਸਿਆ ਕਿ ਜਦੋਂ ਉਨਾਂ੍ਹ ਆਪਣੀ ਗਰੀਬੀ ਦਾ ਵਾਸਤਾ ਪਾਇਆ ਤਾਂ ਗੱਲ ਪੰਜ ਲੱਖ ਰਪਏ ਵਿਚ ਨਿੱਬੜ ਗਈ। ਉਨਾਂ੍ਹ ਤਰੁੰਤ ਕਿਸੇ ਤੋਂ ਦੋ ਲੱਖ ਰਪਏ ਉਧਾਰ ਲਿਆ ਕੇ ਆਪ ਆਗੂ ਜਸਵੀਰ ਸਿੰਘ ਫੌਜੀ ਨੂੰ ਦੇ ਦਿੱਤੇ ਅਤੇ ਬਾਕੀ ਤਿੰਨ ਲੱਖ ਰੁਪਏ ਅਗਲੇ ਦਿਨ ਦਾ ਵਾਅਦਾ ਕੀਤਾ। ਇਸ ਤੋਂ ਬਾਅਦ ਆਪ ਆਗੂ ਫੌਜੀ ਤੇ ਕੌਂਸਲਰ ਕਾਲਾ ਨੇ ਕਿਹਾ ਕਿ ਤੁਸੀ ਘਰ ਜਾਓ, ਕੁੱਝ ਸਮੇਂ ਬਾਅਦ ਤੁਹਾਡਾ ਮੁੰਡਾ ਵੀ ਘਰ ਆ ਜਾਵੇਗਾ। ਉਨਾਂ੍ਹ ਦੱਸਿਆ ਕਿ ਦੂਜੇ ਦਿਨ ਪਤਾ ਲੱਗਾ ਕਿ ਉਸਦੇ ਪੁੱਤਰ ਵਿਰੁੱਧ 28 ਹਜ਼ਾਰ ਗੋਲੀਆਂ ਦਾ ਕੇਸ ਦਰਜ ਕਰ ਦਿੱਤਾ ਗਿਆ ਹੈ। ਪੀੜਤ ਪਰਿਵਾਰਾਂ ਨੇ ਦੋਸ਼ ਲਾਇਆ ਕਿ ਚਾਰ ਨੌਜਵਾਨਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਸੀ, ਜਿਨਾਂ੍ਹ ਵਿੱਚੋਂ ਦੋ ਨੂੰ ਪੁਲਿਸ ਨੇ ਲੈਣ ਦੇਣ ਕਰਕੇ ਛੱਡ ਦਿੱਤਾ ਜਦੋਂ ਕਿ ਉਨਾਂ੍ਹ ਦੇ ਪੁੱਤਰਾਂ ਵਿਰੁੱਧ ਕੇਸ ਦਰਜ ਕਰ ਦਿੱਤਾ। ਉਨਾਂ੍ਹ ਦੇ ਪੁੱਤਰ ਨਿਰਦੋਸ਼ ਹਨ ਜਦੋਂਕਿ ਰਿਸ਼ਵਤ ਲੈ ਕੇ ਛੱਡੇ ਗਏ ਵਿਅਕਤੀ ਅਸਲ ਨਸ਼ਾ ਤਸਕਰ ਹਨ। ਪੀੜਤ ਨੇ ਦੋਸ਼ ਲਾਇਆ ਕਿ ਜਸਵੀਰ ਸਿੰਘ ਫੌਜੀ ਨੇ ਉਸਦੀ ਰਿਸ਼ਤੇਦਾਰ ਨਾਲ ਇਸ ਮੌਕੇ ਅਸ਼ਲੀਲ ਹਰਕਤਾਂ ਵੀ ਕੀਤੀਆਂ। ਚਰਚਾ ਇਹ ਵੀ ਚੱਲ ਰਹੀ ਹੈ ਕਿ ਛੱਡੇ ਗਏ ਦੋ ਨੌਜਵਾਨ ਵੀ ਸੱਤਾਧਾਰੀ ਧਿਰ ਦੇ ਨਾਲ ਸਬੰਧਿਤ ਹਨ। ਇਸ ਮਾਮਲੇ ਸਬੰਧੀ ਐੱਸਪੀਡੀ ਅਜੇ ਗਾਂਧੀ ਨੇ ਦੱਸਿਆ ਕਿ ਪੁਲਿਸ ਦੇ ਨਾਮ 'ਤੇ ਰਿਸ਼ਵਤ ਲੈਣ ਵਾਲੇ ਫੌਜੀ ਨੂੰ ਕਾਬੂ ਕਰ ਲਿਆ ਹੈ ਜਦੋਂ ਕਿ ਕੌਂਸਲਰ ਦੀ ਭਾਲ ਕੀਤੀ ਜਾ ਰਹੀ ਹੈ। ਨਸ਼ੇ ਸਮੇਤ ਫੜ੍ਹੇ ਦੋ ਨੌਜਵਾਨ ਪੁਲਿਸ ਵੱਲੋਂ ਛੱਡੇ ਜਾਣ ਦੇ ਮਾਮਲੇ ਵਿਚ ਉਨਾਂ੍ਹ ਕਿਹਾ ਕਿ ਕੇਸ ਦੀ ਡੂੰਘਾਈ ਨਾਲ ਤਫ਼ਤੀਸ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਦਾ ਕੋਈ ਕਸੂਰ ਪਾਇਆ ਗਿਆ ਤਾਂ ਉਸ ਵਿਰੁੱਧ ਵੀ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ।
ਨਸ਼ਾ ਤਸਕਰਾਂ ਨੂੰ ਛੁਡਵਾਉਣ ਲਈ ਦੋ ਲੱਖ ਦੀ ਰਿਸ਼ਵਤ ਲੈਣ ਵਾਲੇ 'ਆਪ' ਆਗੂ ਤੇ ਕੌਂਸਲਰ 'ਤੇ ਪਰਚਾ
Publish Date:Wed, 01 Feb 2023 03:00 AM (IST)
