ਪੱਤਰ ਪ੍ਰਰੇਰਕ, ਰਾਮਾਂ ਮੰਡੀ : ਕੋਵਿਡ 19 ਦੇ ਖਤਰੇ ਨੂੰ ਘੱਟ ਕਰਨ ਲਈ ਪੰਜਾਬ ਸਰਕਾਰ ਵੱਲੋਂ ਪਿੱਛਲੇ ਦੋ ਮਹੀਨੇ ਤੋਂ ਲਾਇਆ ਗਿਆ ਕਰਫਿਊ ਖਤਮ ਕੀਤਾ ਜਾ ਚੁੱਕਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਵੀ ਲਾਇਆ ਗਿਆ ਲਾਕਡਾਊਨ ਭਾਵੇਂ ਅਜੇ ਜਾਰੀ ਹੈ ਪਰ ਲਾਕਡਾਊਨ ਦੀ ਸਖਤੀ ਦਾ ਅਸਰ ਵੀ ਘੱਟ ਗਿਆ ਹੈ ਪਰ ਸਿਵਲ ਹਸਪਤਾਲ ਵਿਚੋਂ ਨਸ਼ਾ ਛੱਡਣ ਦੀ ਦਵਾਈ ਲੈਣ ਵਾਲੇ ਮਰੀਜ਼ਾਂ ਦੀ ਲਾਈਨ ਨਹੀਂ ਘੱਟ ਰਹੀ। ਪ੍ਰਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਚ ਲਾਏ ਗਏ ਕਰਫਿਊ ਦੌਰਾਨ ਨਸ਼ਾ ਸਪਲਾਈ ਦੀ ਚੈਨ ਦਮ ਤੋੜ ਚੁੱਕੀ ਸੀ ਕਿਉਂਕਿ ਕਰਫਿਊ ਕਾਰਨ ਨਸ਼ੇ ਦੇ ਮਰੀਜ਼ ਵੀ ਘਰ ਵਿਚ ਹੀ ਨਜ਼ਰਬੰਦ ਹੋ ਗਏ ਸਨ ਪਰ ਸਰਕਾਰ ਵੱਲੋਂ ਕਰਫਿਊ ਦੌਰਾਨ ਸਿਵਲ ਹਸਪਤਾਲ ਰਾਹੀਂ ਨਸ਼ੇ ਦੇ ਮਰੀਜ਼ਾਂ ਨੂੰ ਨਸ਼ਾ ਛੱਡਣ ਦੀ ਦਵਾਈ ਦਿੱਤੀ ਜਾਣ ਲੱਗੀ ਤਾਂ ਘਰਾਂ ਵਿਚ ਬੈਠੇ ਨਸ਼ੇ ਦੇ ਮਰੀਜ਼ਾਂ ਨੂੰ ਚਾਅ ਚੜ ਗਿਆ ਅਤੇ ਉਹ ਵੱਡੀ ਗਿਣਤੀ ਵਿਚ ਦਵਾਈ ਲੈਣ ਲਈ ਹਸਪਤਾਲ ਪਹੁੰਚਣੇ ਸ਼ੁਰੂ ਹੋ ਗਏ ਅਤੇ ਰੋਜ਼ਾਨਾਂ ਨਸ਼ੇ ਦੇ ਮਰੀਜ਼ਾਂ ਦੀ ਗਿਣਤੀ ਅਮਰਵੇਲ ਦੀ ਤਰ੍ਹਾਂ ਵੱਧਦੀ ਗਈ। ਅੱਜ ਹਸਪਤਾਲ ਵਿਚ ਨਸ਼ਾ ਛੱਡਣ ਦੀ ਦਵਾਈ ਲੈਣ ਪਹੁੰਚੇ ਮਰੀਜ਼ਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚੂਰਾ ਪੋਸਤ ਦੀ ਰਾਜਸਥਾਨ ਸੂਬੇ ਵਿਚੋਂ ਪੰਜਾਬ ਵਿਚ ਆਮਦ ਬੰਦ ਹੋ ਜਾਣ ਕਾਰਨ ਇਹ 10000 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੀ ਵੱਧ ਭਾਅ 'ਤੇ ਮਿਲਦਾ ਹੈ ਜੋ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ, ਜਿਸ ਕਾਰਨ ਉਹ ਨਸ਼ਾ ਨਾ ਮਿਲਣ ਤੱਕ ਨਸ਼ਾ ਛੱਡਣ ਵਾਲੀਆਂ ਗੋਲੀਆਂ ਨਾਲ ਹੀ ਡੰਗ ਲੰਘਾ ਰਹੇ ਹਨ। ਹਸਪਤਾਲ ਦੇ ਕਰਮਚਾਰੀ ਨੇ ਦੱਸਿਆ ਕਿ ਪੁਰਾਣੇ ਮਰੀਜ਼ਾਂ ਤੋਂ ਇਲਾਵਾ ਅਜੇ ਵੀ ਰੋਜ਼ਾਨਾਂ 50 ਦੇ ਕਰੀਬ ਨਵੇਂ ਮਰੀਜ਼ ਦਵਾਈ ਲੈ ਰਹੇ ਹਨ। ਉਸਨੇ ਦੱਸਿਆ ਕਿ ਕਰਫਿਊ ਅਤੇ ਲਾਕਡਾਊਨ ਤੋਂ ਪਹਿਲਾਂ ਸਿਰਫ 350 ਮਰੀਜ਼ ਹੀ ਨਸ਼ਾ ਛੱਡਣ ਦੀ ਦਵਾਈ ਲੈ ਰਹੇ ਸਨ ਪਰ ਹੁਣ ਇਹ ਗਿਣਤੀ 5 ਗੁਣਾਂ ਤੋਂ ਵੀ ਵੱਧ ਵੱਧ ਕੇ 1867 ਹੋ ਗਈ ਹੈ।