ਮਨਪ੍ਰਰੀਤ ਸਿੰਘ ਗਿੱਲ, ਬਾਲਿਆਂਵਾਲੀ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਫੌਜੀ ਜੇਠੂਕੇ ਦੀ ਅਗਵਾਈ ਹੇਠ ਬਾਲਿਆਂਵਾਲੀ ਵਿਖੇ ਕੈਪਟਨ ਅਤੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ਅਤੇ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਲਵਿੰਦਰ ਸਿੰਘ ਜੇਠੂਕੇ ਨੇ ਕਿਹਾ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਹੈ। ਆਪਣੀਆਂ ਮੰਗਾਂ ਬਾਰੇ ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਬਿਜਲੀ ਸੋਧ ਬਿਲ 2020 ਰੱਦ ਕਰਵਾਉਣਾ, 10 ਏਕੜ ਵਾਲੇ ਕਿਸਾਨਾਂ ਦੇ ਕਰਜ਼ੇ ਖ਼ਤਮ ਕਰਵਾਉਣੇ, ਬੇਜਮੀਨੇ ਕਾਸ਼ਤਕਾਰਾਂ ਤੇ 10 ਏਕੜ ਵਾਲੇ ਕਿਸਾਨਾਂ, ਪੇਂਡੂ ਮਜ਼ਦੂਰਾਂ ਦੇ ਖਾਤਿਆਂ ਵਿਚ 10-10 ਹਜ਼ਾਰ ਰੁਪਏ ਪ੍ਰਤੀ ਮਹੀਨਾ 6 ਮਹੀਨਿਆਂ ਲਈ ਜਮਾ ਕਰਵਾਉਣਾ, ਪੀਐੱਮ ਕਿਸਾਨ ਯੋਜਨਾ ਤਹਿਤ ਮਿਲ ਰਹੇ 6000 ਰੁਪਏ ਵਧਾ ਕੇ 18,000 ਰੁਪਏ ਕਰਵਾਉਣਾ, ਪੈਟਰੋਲ ਤੇ ਡੀਜਲ ਦੇ ਰੇਟ ਘਟਾਉਣਾ ਅਤੇ 1 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਵਾ ਕੇ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਖੇਤੀ ਸੈਕਟਰ ਨੂੰ ਮੁਹੱਈਆ ਕਰਵਾਉਣਾ ਹੀ ਉਨ੍ਹਾਂ ਦੀਆਂ ਮੁੱਖ ਮੰਗਾਂ ਹਨ। ਇਸ ਮੌਕੇ ਮਹਿੰਦਰ ਸਿੰਘ ਕੱਲੂ ਬਾਲਿਆਂਵਾਲੀ, ਹੇਮਰਾਜ ਬਾਲਿਆਂਵਾਲੀ, ਭੋਲਾ ਸਿੰਘ, ਜਗਸੀਰ ਸਿੰਘ ਰਾਮਨਿਵਾਸ ਅਤੇ ਨਾਜਰ ਸਿੰਘ ਰਾਮਨਿਵਾਸ ਆਦਿ ਕਿਸਾਨ ਆਗੂ ਹਾਜ਼ਰ ਸਨ।