ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਬਠਿੰਡਾ ਜ਼ਿਲ੍ਹੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਜ਼ਿਕਰਯੋਗ ਇਹ ਵੀ ਹੈ ਕਿ ਬਠਿੰਡਾ 'ਚ ਅੱਜ ਤੀਜੇ ਦਿਨ ਦੋ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਨਾਲ ਮਿ੍ਤਕਾਂ ਦੀ ਤਾਦਾਦ 19 ਪਹੁੰਚ ਗਈ ਹੈ, ਜਦੋਂਕਿ 87 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਆ ਗਏ ਹਨ। ਇਸ ਵਿਚ ਜ਼ਿਆਦਾਤਰ ਲੋਕ ਸਪੈਸ਼ਲ ਜੇਲ੍ਹ ਬਠਿੰਡਾ ਨਾਲ ਸਬੰਧਤ ਹਨ। ਵੀਰਵਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਰਹਿਣ ਵਾਲੇ ਦੋ ਹੋਰ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਵਿਚ ਬਠਿੰਡਾ ਸਿਟੀ ਦੀ ਮਾਤਾ ਰਾਣੀ ਵਾਲੀ ਗਲੀ ਦੇ ਰਹਿਣ ਵਾਲੇ ਇਕ 73 ਸਾਲਾ ਬਜ਼ੁਰਗ ਹੈ, ਜਿਸ ਨੇ ਫ਼ਰੀਦਕੋਟ ਮੈਡੀਕਲ ਕਾਲਜ ਵਿਚ ਦਮ ਤੋੜਿਆ ਹੈ, ਜਦੋਂਕਿ ਦੂਜਾ ਰਾਮਪੁਰਾ ਫੂਲ ਦੀ ਗਾਂਧੀ ਬਸਤੀ ਦਾ ਰਹਿਣ ਵਾਲਾ ਹੈ, ਜਿਸ ਨੇ ਪੀਜੀਆਈ ਚੰਡੀਗੜ੍ਹ ਵਿਚ ਦਮ ਤੋੜਿਆ। ਵੀਰਵਾਰ ਨੂੰ ਹੋਈਆਂ ਦੋਨੋਂ ਮੌਤਾਂ ਨੂੰ ਮਿਲਾ ਕੇ ਬਠਿੰਡਾ 'ਚ ਹੁਣ ਤੱਕ 19 ਮੌਤਾਂ ਹੋ ਗਈਆਂ ਹਨ। ਉਥੇ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ੍ਹ ਸੰਖਿਆ 1486 ਹੋ ਗਈ ਹੈ, ਜਿਸ ਵਿਚ 537 ਐਕਟਿਵ ਮਰੀਜ਼ ਹੋ ਗਏ ਹਨ। ਇਸ ਦੌਰਾਨ ਕੁੱਲ ਵੀਰਵਾਰ ਨੂੰ 87 ਕੋਰੋਨਾ ਮਰੀਜ਼ ਮਿਲੇ। ਜਿਸ ਵਿਚ ਜ਼ਿਆਦਾਤਰ ਮਾਮਲੇ ਸ਼ਹਿਰੀ ਇਲਾਕੇ ਨਾਲ ਸਬੰਧਤ ਹਨ।

ਇਥੇ ਦੱਸਣਯੋਗ ਹੈ ਕਿ ਮੰਗਲਵਾਰ ਨੂੰ ਦੋ ਅਤੇ ਬੁੱਧਵਾਰ ਨੂੰ ਦੋ ਜਣਿਆਂ ਦੀ ਕੋਰੋਨਾ ਨਾਲ ਮੌਤ ਹੋਈ ਸੀ, ਉਥੇ ਹੀ ਵੀਰਵਾਰ ਤੀਜਾ ਦਿਨ ਹੈ, ਜਦੋਂ ਦੋ ਮਰੀਜ਼ਾਂ ਦੀ ਮੌਤ ਦਾ ਸਮਾਚਾਰ ਮਿਲਿਆ ਹੈ। ਜਿਸ ਨਾਲ ਜ਼ਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆ ਹੁਣ 19 ਹੋ ਗਈ ਹੈ। ਉਥੇ ਹੀ ਬੁੱਧਵਾਰ ਨੂੰ 56 ਨਵੇਂ ਪਾਜ਼ੇਟਿਵ ਮਰੀਜ਼ ਮਿਲੇ ਸਨ, ਪਰ ਰਾਹਤ ਦੀ ਗੱਲ ਇਹ ਹੈ ਕਿ ਬੁੱਧਵਾਰ ਨੂੰ 124 ਮਰੀਜ਼ ਠੀਕ ਹੋ ਕੇ ਘਰ ਪਰਤੇ ਸਨ, ਜੋ ਹੁਣ ਤੱਕ ਦੀ ਜ਼ਿਲ੍ਹੇ 'ਚ ਸਭ ਤੋਂ ਵੱਡੀ ਰਿਕਵਰੀ ਮੰਨੀ ਜਾ ਰਹੀ ਹੈ।

ਉਧਰ ਡਿਪਟੀ ਕਮਿਸ਼ਨਰ ਬੀ ਸ਼੍ਰੀਨਿਵਾਸਨ ਵਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਜ਼ਿਲ੍ਹੇ ਅੰਦਰ ਕੋਵਿਡ-19 ਤਹਿਤ 26580 ਸੈਂਪਲ ਲਏ ਗਏ, ਜਿਨ੍ਹਾਂ 'ਚੋਂ ਹੁਣ ਤੱਕ ਕੁਲ੍ਹ 1029 ਪਾਜ਼ੇਟਿਵ ਕੇਸ ਆਏ ਹਨ। ਇਨ੍ਹਾਂ 'ਚੋਂ 594 ਕੋਰੋਨਾ ਪੀੜਤ ਵਿਅਕਤੀ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ। ਉਨ੍ਹਾ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿਚ ਕੁੱਲ 418 ਕੇਸ ਐਕਟਿਵ ਹਨ। ਜਦੋਂਕਿ 24 ਘੰਟਿਆਂ 'ਚ ਪਾਜ਼ੇਟਿਵ 24 ਅਤੇ 334 ਨੈਗੇਟਿਵ ਰਿਪੋਰਟਾਂ ਤੇ 55 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਆਪੋ ਆਪਣੇ ਘਰ ਚਲੇ ਗਏ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹਰ ਹਾਲਤ ਵਿਚ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਤਾਂ ਜੋ ਕੋਵਿਡ-19 ਨੂੰ ਹਰਾਉਣ ਲਈ ਚਲਾਈ ਗਈ ਮੁਹਿੰਮ ਨੂੰ ਸਫ਼ਲ ਬਣਾਉਣ ਜਾ ਸਕੇ।