ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਬਠਿੰਡਾ ਸ਼ਹਿਰ ਵਿਚ ਇਕ ਮਿ੍ਤਕ ਸਮੇਤ 8 ਜਣਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਪਾਜ਼ੇਟਿਵ ਆਈ ਰਿਪੋਰਟ ਵਿਚ ਚਾਰ ਮਿਲਟਰੀ ਇਲਾਕੇ ਨਾਲ ਸਬੰਧਤ ਹਨ, ਜਦੋਂਕਿ ਤਿੰਨ ਰਿਫਾਇਨਰੀ ਨਾਲ ਸਬੰਧਤ ਤੇ ਇਕ ਬਿਰਲਾ ਮਿੱਲ ਕਾਲੋਨੀ ਦੇ ਮਿ੍ਤਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਅਧਿਕਾਰੀਆਂ ਵਿਚ ਹੜਕੰਪ ਮਚ ਗਿਆ ਹੈ। ਉਨ੍ਹਾ ਨੂੰ ਹੱਥਾਂ ਪੈਰਾਂ ਪੈ ਗਈ ਹੈ। ਇਸ ਦੇ ਨਾਲ ਕੱਲ੍ਹ 18 ਐਕਟਿਵ ਕੇਸਾਂ 'ਚ 7 ਹੋਰਾਂ ਨੂੰ ਮਿਲਾ ਕੇ ਹੁਣ ਗਿਣਤੀ 25 ਹੋ ਗਈ ਹੈ, ਜਦੋਂਕਿ ਇਕ ਮਿ੍ਤਕ ਦੀ ਰਿਪੋਰਟ ਪਾਜ਼ੇਟਿਵ ਅਲੱਗ ਹੈ।

ਇਥੇ ਜ਼ਿਕਰਯੋਗ ਹੈ ਕਿ ਬਿਰਲਾ ਮਿਲ ਕਾਲੋਨੀ 'ਚ ਇਕ 60 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਮਿ੍ਤਕ ਨਿਮੋਨੀਆ ਬੁਖਾਰ ਤੇ ਪੀਲੀਆ ਨਾਲ ਪੀੜਤ ਸੀ। ਉਥੇ ਹੀ ਉਸ ਦੀ ਰਿਪੋਰਟ ਅੱਜ ਪਾਜ਼ੇਟਿਵ ਆ ਗਈ ਹੈ। ਹੁਣ ਸਿਹਤ ਵਿਭਾਗ ਪਾਜ਼ੇਟਿਵ ਆਏ ਕੇਸਾਂ ਤੇ ਬਿਰਲਾ ਮਿਲ ਕਲੋਨੀ ਦੇ ਮਿ੍ਤਕ ਦੇ ਸੰਪਰਕਾਂ ਦੀ ਸੈਂਪਿਲੰਗ ਕਰਨੀ ਸ਼ੁਰੂ ਕਰ ਦਿੱਤੀ ਹੈ।

ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਦਾ ਆਖਣਾ ਹੈ ਕਿ 8 ਜਣਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ 'ਚੋਂ ਚਾਰ ਮਿਲਟਰੀ ਇਲਾਕੇ ਹਨ, ਜਦੋਂਕਿ 2 ਰਿਫਾਇਨਰੀ ਦੇ ਹਨ ਤੇ ਇਕ ਪਹਿਲਾਂ ਰਿਫਾਇਨਰੀ ਦੇ ਕੋਰੋਨਾ ਮਰੀਜ਼ ਦੇ ਸੰਪਰਕ ਵਾਲਾ ਤੇ ਇਕ ਮਿ੍ਤਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਰ ਵਿਅਕਤੀ ਮਾਸਕ ਨਾਲ ਆਪਣਾ ਮੂੰਹ ਢੱਕੇ, ਵਾਰ ਵਾਰ ਸੈਨੇਟਾਈਜ਼ ਕਰਕੇ ਹੱਥਾਂ ਨੂੰ ਸਾਫ਼ ਕਰੇ ਅਤੇ ਹੋਰ ਸਾਵਧਾਨੀਆਂ ਨੂੰ ਵਰਤੇ ਤਾਂ ਜੋ ਹੋਰ ਕੋਰੋਨਾ ਮਹਾਮਾਰੀ ਨਾ ਫੈਲ ਸਕੇ।