ਭੋਲਾ ਸਿੰਘ ਮਾਨ, ਮੌੜ ਮੰਡੀ : ਪਿਛਲੇ ਇਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਲਾਮਿਸਾਲ ਕਿਸਾਨ ਸੰਘਰਸ਼ 'ਚ ਭਾਵੇਂ 700 ਕਿਸਾਨਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ, ਪੰ੍ਤੂ ਕਿਸਾਨ ਆਪਣਾ ਭਵਿੱਖ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ 'ਚ ਕਾਮਯਾਬ ਹੋ ਗਏ ਹਨ। ਇਹ ਪ੍ਰਗਟਾਵਾ ਜਾਟ ਮਹਾ ਸਭਾ ਦੇ ਸੂਬਾ ਮੀਤ ਪ੍ਰਧਾਨ ਅੰਮਿ੍ਤ ਕੌਰ ਗਿੱਲ ਨੇ ਮੌੜ ਵਿਖੇ ਕੀਤਾ। ਕੇਂਦਰ ਦੀ ਮੋਦੀ ਸਰਕਾਰ ਨੇ ਜਿਹੜੇ ਕੰਡੇ ਆਪਣੇ ਹੱਥੀਂ ਬੀਜੇ ਸੀ, ਹੁਣ ਉਨ੍ਹਾਂ ਹੱਥਾਂ ਨਾਲ ਹੀ ਕੰਡੇ ਚੁਗਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸੂਬਿਆਂ 'ਚ ਹੋਣ ਜਾ ਰਹੀਆਂ ਚੋਣਾਂ 'ਚ ਆਪਣੀ ਹਾਰ ਨਿਸ਼ਚਿਤ ਦਿਖਾਈ ਦੇਣ ਲੱਗ ਪਈ ਸੀ, ਜਿਸ ਕਾਰਨ ਭਾਜਪਾ ਨੂੰ ਕਿਸਾਨ ਵਿਰੋਧੀ ਤਿੰਨੇ ਕਾਨੂੰਨ ਮਜਬੂਰੀ ਵੱਸ ਵਾਪਸ ਲੈਣੇ ਪਏ। ਗਿੱਲ ਨੇ ਕਿਹਾ ਕਿ ਇਕ ਸਾਲ 'ਚ ਤਿੰਨੇ ਖੇਤੀ ਕਾਨੂੰਨਾਂ ਕਾਰਨ ਦੇਸ਼ ਦੀ ਅਥਾਹ ਸੰਪਤੀ ਦਾ ਨੁਕਸਾਨ ਹੋਇਆ ਹੈ, ਜਿਸ ਵਿਚ 700 ਕੀਮਤੀ ਜਾਨਾਂ ਚਲੀਆਂ ਗਈਆਂ।

ਉਨ੍ਹਾਂ ਕਿਹਾ ਕਿ ਆਮ ਜਨਤਾ ਪੰਜਾਬ, ਹਰਿਆਣਾ ਤੇ ਯੂਪੀ ਸਮੇਤ ਹੋਰ ਵੱਖ-ਵੱਖ ਸੂਬਿਆਂ 'ਚ ਭਾਜਪਾ ਦੇ ਵਿਧਾਇਕਾਂ ਤੇ ਲੀਡਰਾਂ ਨੂੰ ਭਜਾਉਣ ਲੱਗ ਪਈ ਸੀ, ਇਹੋ ਕਿਸਾਨਾਂ ਦੀ ਵੱਡੀ ਜਿੱਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਧਰਮ ਦੇ ਅਧਾਰ 'ਤੇ ਕਦੇ ਵੀ ਵੰਡ ਨਹੀਂ ਸਕਦੀ। ਲਖੀਮਪੁਰ ਖੀਰੀ ਦੀ ਘਟਨਾ ਕਤਲੇਆਮ ਨੇ ਤਾਂ ਭਾਜਪਾ ਦਾ ਚਿਹਰਾ ਬਿਲਕੁਲ ਨੰਗਾ ਕਰ ਦਿੱਤਾ ਹੈ ਤੇ ਭਾਜਪਾ ਦੇ ਮੱਥੇ 'ਤੇ ਲੱਗੇ ਦਾਗ ਕਦੇ ਲਾਹੇ ਨੀ ਜਾ ਸਕਦੇ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਿਸਾਨਾਂ ਨੂੰ ਭਰੋਸੇ 'ਚ ਲਏ ਬਿਨਾਂ ਹੀ ਇਹ ਕਾਲੇ ਕਾਨੂੰਨ ਬਣਾ ਦਿੱਤੇ ਸਨ। ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 700 ਕਿਸਾਨਾਂ ਨੂੰ ਆਪਣੀਆਂ ਜਾਨਾਂ ਵਾਰਨੀਆਂ ਪਈਆਂ। ਉਨਾਂ੍ਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਦਿੱਲੀ ਸੰਯੁਕਤ ਮੋਰਚੇ 'ਚ ਸ਼ਮੂਲੀਅਤ ਕਰਨ, ਤਾਂ ਜੋ ਕਿਸਾਨਾਂ ਦੀਆਂ ਮੰਗਾਂ ਨੂੰ ਮਨਾਇਆ ਜਾ ਸਕੇ।