ਦੀਪਕ ਸ਼ਰਮਾ, ਬਠਿੰਡਾ : ਨਥਾਣਾ ਪੁਲਿਸ ਨੇ ਜ਼ਮੀਨ ਵੇਚਣ ਦੇ ਨਾਂਅ 'ਤੇ 56 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਅੌਰਤਾਂ ਸਮੇਤ ਪੰਜ ਵਿਅਕਤੀਆਂ ਖਿਲਾਫ਼ ਧੋਖਾਧੜੀ ਕਰਨ ਦੀਆਂ ਧਾਰਾਵਾਂ ਹੇਠ ਪਰਚਾ ਦਰਜ ਕੀਤਾ ਹੈ। ਏਐਸਆਈ ਨਵਯੁਗਦੀਪ ਸਿੰਘ ਨੇ ਦੱਸਿਆ ਕਿ ਨਗਵਿੰਦਰ ਸਿੰਘ ਵਾਸੀ ਪਿੰਡ ਥਰਾਜ਼ ਨੇ ਸ਼ਿਕਾਇਤ ਦਰਜ਼ ਕਰਵਾਈ ਹੈ ਕਿ ਉਸ ਨੇ ਸੁਖਦੀਪ ਕੌਰ ਵਾਸੀ ਗੰਗਾ, ਸਰਬਜੀਤ ਸਿੰਘ ਵਾਸੀ ਪੰਚਵਟੀ ਨਗਰ ਬਠਿੰਡਾ, ਮਨਜੀਤ ਕੌਰ ਵਾਸੀ ਕਲਿਆਣਾ ਸੁੱਖਾ, ਜਗਸੀਰ ਸਿੰਘ ਵਾਸੀ ਪਿੰਡ ਗੰਗਾ ਅਤੇ ਜਸਵੰਤ ਸਿੰਘ ਵਾਸੀ ਕਲਿਆਣਾ ਸੁੱਖਾ ਕੋਲੋਂ ਗੰਗਾ ਪਿੰਡ ਵਿਚ 36 ਕਨਾਲਾਂ ਜ਼ਮੀਨ ਖ਼ਰੀਦੀ ਸੀ। ਇਸ ਸੌਦੇ ਦੇ ਤਹਿਤ ਉਸ ਨੇ ਉਕਤ ਵਿਅਕਤੀਆਂ ਨੂੰ 56 ਲੱਖ ਰੁਪਏ ਦਿੱਤੇ ਸਨ। ਪੀੜਤ ਵਿਅਕਤੀ ਨੇ ਦੱਸਿਆ ਕਿ ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਜਿਹੜੀ ਜ਼ਮੀਨ ਉਸ ਨੂੰ ਵੇਚੀ ਗਈ ਹੈ, ਉਸ ਦਾ ਕਬਜ਼ਾ ਵੇਚਣ ਵਾਲਿਆਂ ਕੋਲ ਨਹੀਂ ਹੈ। ਇਸ ਤਰ੍ਹਾਂ ਉਕਤ ਵਿਅਕਤੀਆਂ ਨੇ ਮਿਲੀਭੁਗਤ ਕਰ ਕੇ ਉਸ ਨਾਲ 56 ਲੱਖ ਰੁਪਏ ਦੀ ਠੱਗੀ ਮਾਰ ਲਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਵਿਅਕਤੀ ਦੀ ਸ਼ਿਕਾਇਤ 'ਤੇ ਪੂਰੇ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਕਥਿਤ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।

ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਏਜੰਟ ਪਤੀ ਪਤਨੀ ਖਿਲਾਫ਼ ਪਰਚਾ ਦਰਜ

ਥਾਣਾ ਮੌੜ ਦੀ ਪੁਲਿਸ ਨੇ ਨੌਜਵਾਨ ਨੂੰ ਸਿੰਗਾਪੁਰ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਬਠਿੰਡਾ ਵਾਸੀ ਪਤੀ-ਪਤਨੀ ਖਿਲਾਫ਼ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਏਐਸਆਈ ਨਿਰਮਜੀਤ ਸਿੰਘ ਨੇ ਦੱਸਿਆ ਕਿ ਜੀਤ ਸਿੰਘ ਵਾਸੀ ਸਾਲਮਖੇੜਾ ਜ਼ਿਲ੍ਹਾ ਸਿਰਸਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਵਿਦੇਸ਼ ਜਾਣ ਦਾ ਇਛੁੱਕ ਸੀ, ਇਸ ਦੌਰਾਨ ਉਸ ਦੀ ਮੁਲਾਕਾਤ ਬਠਿੰਡਾ ਵਿਚ ਰਹਿ ਰਹੇ ਗੁਰਸੇਵਕ ਸਿੰਘ ਤੇ ਉਸ ਦੀ ਪਤਨੀ ਮਨਪ੍ਰਰੀਤ ਕੌਰ ਨਾਲ ਹੋਈ। ਉਕਤ ਪਤੀ-ਪਤਨੀ ਨੇ ਦੱਸਿਆ ਸੀ ਕਿ ਉਹ ਟ੍ਰੈਵਲ ਏਜੰਟ ਦਾ ਕੰਮ ਕਰਦੇ ਹਨ ਤੇ ਕਈ ਨੌਜਵਾਨਾਂ ਨੂੰ ਵਿਦੇਸ਼ 'ਚ ਚੰਗਾ ਰੁਜ਼ਗਾਰ ਦਿਵਾ ਚੁੱਕੇ ਹਨ। ਪੀੜਤ ਨੌਜਵਾਨ ਨੇ ਦੱਸਿਆ ਕਿ ਉਕਤ ਪਤੀ-ਪਤਨੀ ਦੀਆਂ ਗੱਲਾਂ 'ਚ ਆ ਕੇ ਉਸ ਨੇ ਸਿੰਗਾਪੁਰ ਜਾਣ ਦੀ ਹਾਮੀ ਭਰ ਦਿੱਤੀ, ਜਿਸ ਕਾਰਨ ਉਸ ਨੇ ਸਾਢੇ ਤਿੰਨ ਲੱਖ ਰੁਪਏ ਉਕਤ ਪਤੀ-ਪਤਨੀ ਨੂੰ ਦੇ ਦਿੱਤਾ। ਪੀੜਤ ਨੌਜਵਾਨ ਨੇ ਦੱਸਿਆ ਕਿ ਰੁਪਏ ਲੈਣ ਤੋਂ ਬਾਅਦ ਨਾ ਤਾਂ ਉਸ ਨੁੰ ਬਾਹਰ ਭੇਜਿਆ ਗਿਆ ਤੇ ਨਾ ਹੀ ਉਸ ਦੇ ਰੁਪਏ ਵਾਪਸ ਕੀਤੇ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੀਤ ਸਿੰਘ ਦੀ ਸ਼ਿਕਾਇਤ 'ਤੇ ਪੂਰੇ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਕਥਿਤ ਦੋਸ਼ੀ ਪਤੀ-ਪਤਨੀ ਖਿਲਾਫ਼ ਪਰਚਾ ਦਰਜ ਕਰ ਲਿਆ ਹੈ।