ਦੀਪਕ ਸ਼ਰਮਾ, ਬਠਿੰਡਾ : ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਕੀਤੀ ਗਈ ਕਾਰਵਾਈ ਦੌਰਾਨ 5 ਵਿਅਕਤੀ ਭਾਰੀ ਮਾਤਰਾ ਵਿਚ ਨਸ਼ੀਲੀਆਂ ਦਵਾਈਆਂ ਸਮੇਤ ਕਾਬੂ ਕੀਤੇ ਗਏ ਹਨ। ਪੁਲਿਸ ਨੇ ਫੜ੍ਹੇ ਗਏ ਵਿਅਕਤੀਆਂ 'ਤੇ ਐੱਨਡੀਪੀਐੱਸ ਐਕਟ ਅਧੀਨ ਪਰਚੇ ਦਰਜ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਦੇ ਨਾਰਕੋਟਿਕ ਸੈਲ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਕੋਲੋਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ। ਸਥਾਨਕ ਥਾਣਾ ਕੋਤਵਾਲੀ ਵਿਖੇ ਦਰਜ ਕੀਤੇ ਗਏ ਪਰਚੇ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਆਈ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਸਥਾਨਕ ਸੰਤਪੁਰਾ ਰੋਡ 'ਤੇ ਲਗਾਏ ਨਾਕੇ ਦੌਰਾਨ ਦੋ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 6 ਸ਼ੀਸ਼ੀਆਂ ਐਨੋਰੇਕਸ, 60 ਗੋਲੀਆਂ ਕੈਰੋਸੋਮਾ ਦੀਆਂ ਬਰਾਮਦ ਕੀਤੀਆਂ ਗਈਆਂ। ਇਸ ਉਪਰੰਤ ਪੁਲਿਸ ਨੇ ਦੋਵਾਂ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ 'ਤੇ ਪਰਚਾ ਦਰਜ ਕੀਤਾ ਹੈ। ਫੜ੍ਹੇ ਗਏ ਕਥਿਤ ਦੋਸ਼ੀਆਂ ਦੀ ਸ਼ਿਨਾਖਤ ਸੁਖਦੇਵ ਸਿੰਘ ਵਾਸੀ ਪਰਿੰਦਾ ਰੋਡ ਤੇ ਰਾਜੇਸ਼ ਮੀਨਾ ਵਾਸੀ ਮੁਹੱਲਾ ਮਦੋਕਪੁਰਾ ਦੇ ਤੌਰ 'ਤੇ ਹੋਈ ਹੈ। ਇਸੇ ਤਰ੍ਹਾਂ ਥਾਣਾ ਕੈਨਾਲ ਕਲੋਨੀ ਵਿਖੇ ਦਰਜ ਕੀਤੇ ਗਏ ਪਰਚੇ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਐੱਸਆਈ ਪਰਵਿੰਦਰ ਸਿੰਘ ਨੇ ਦੱਸਿਆ ਕਿ ਸਥਾਨਕ ਸੁਰਖਪੀਰ ਰੋਡ 'ਤੇ ਮੋਟਰਸਾਈਕਲ ਸਵਾਰ ਇਕ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 1400 ਗੋਲੀਆਂ ਟਰੇਡੋਲ ਦੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਫੜ੍ਹੇ ਗਏ ਵਿਅਕਤੀ ਦੀ ਸ਼ਿਨਾਖਤ ਸਤਨਾਮ ਸਿੰਘ ਵਾਸੀ ਮੀਰਪੁਰ ਥਾਣਾ ਸਰਦੂਲਗੜ੍ਹ (ਮਾਨਸਾ) ਦੇ ਤੌਰ 'ਤੇ ਹੋਈ ਹੈ। ਇਕ ਹੋਰ ਮਾਮਲੇ ਵਿਚ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਸੈਂਕੜਿਆਂ ਦੀ ਗਿਣਤੀ ਵਿਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸੱਤਪਾਲ ਸਿੰਘ ਨੇ ਦੱਸਿਆ ਕਿ ਸਥਾਨਕ ਰਾਮਪੁਰਾ ਮੰਡੀ ਤੋਂ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਕੋਲੋਂ 515 ਨਸ਼ੀਲੀਆਂ ਗੋਲੀਆਂ ਕੈਲਵੀਡੋਲ ਦੀਆਂ ਬਰਾਮਦ ਕੀਤੀਆਂ ਹਨ। ਫੜ੍ਹੇ ਗਏ ਕਥਿਤ ਦੋਸ਼ੀਆਂ ਦੀ ਸ਼ਿਨਾਖਤ ਕੇਵਲ ਸਿੰਘ ਵਾਸੀ ਗਾਂਧੀਨਗਰ ਅਤੇ ਸੁਰਜੀਤ ਸਿੰਘ ਵਾਸੀ ਗਾਂਧੀਨਗਰ ਰਾਮਪੁਰਾ ਮੰਡੀ ਦੇ ਤੌਰ 'ਤੇ ਹੋਈ ਹੈ।