ਪੱਤਰ ਪੇ੍ਰਕ,ਬਠਿੰਡਾ : ਬਠਿੰਡਾ ਪੁਲਿਸ ਨੇ ਪੰਜਾਬ ਸਟੇਟ ਲਾਟਰੀ ਦੇ ਨਾਮ 'ਤੇ 35 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਖਿਲਾਫ਼ ਧੋਖਾਧੜੀ ਕਰਨ ਦੇ ਦੋਸ਼ ਤਹਿਤ ਪਰਚਾ ਦਰਜ ਕੀਤਾ ਹੈ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਕੰਚਨ ਸ਼ਰਮਾ ਵਾਸੀ ਅਮਰਪੁਰਾ ਬਸਤੀ ਨੇ ਦੱਸਿਆ ਕਿ ਉਸ ਦਾ ਪਤੀ ਗੁਰਵਿੰਦਰ ਸ਼ਰਮਾ ਲਾਟਰੀ ਲਾਉਣ ਦਾ ਆਦੀ ਸੀ, ਉਸ ਦੀ ਪਛਾਣ ਲਾਟਰੀ ਦਾ ਧੰਦਾ ਕਰਨ ਵਾਲੇ ਪ੍ਰਦੀਪ ਕੁਮਾਰ ਉਰਫ਼ ਦੀਪੂ ਵਾਸੀ ਨਵੀਂ ਬਸਤੀ ਨਾਲ ਹੋ ਗਈ ਸੀ। ਪ੍ਰਦੀਪ ਕੁਮਾਰ ਨੇ ਉਸ ਦੇ ਪਤੀ ਨੂੰ ਲਾਟਰੀ ਵਿਚ ਰੁਪਏ ਲਾ ਕੇ ਜਲਦੀ ਅਮੀਰ ਬਣਨ ਦੇ ਸਬਜਬਾਜ ਦਿਖਾਏ, ਜਿਸ ਕਾਰਨ ਉਸ ਦੇ ਪਤੀ ਨੇ ਵੱਖ ਵੱਖ ਸਮੇਂ 'ਚ ਆਪਣੀ ਦੋ ਕਿਲੇ ਜੱਦੀ ਜ਼ਮੀਨ ਤੇ ਪਲਾਟ ਤੇ ਗਹਿਣੇ ਵੇਚ ਕੇ 35 ਲੱਖ ਰੁਪਏ ਲਾਟਰੀ ਵਿਚ ਲਾਉਣ ਲਈ ਪ੍ਰਦੀਪ ਕੁਮਾਰ ਨੂੰ ਦੇ ਦਿੱਤੇ ਸਨ। ਉਕਤ ਵਿਅਕਤੀ ਨੇ ਲਾਟਰੀਆਂ ਦੇ ਜਾਅਲੀ ਨਤੀਜੇ ਦਿਖਾ ਕੇ ਰੁਪਏ ਹੜੱਪ ਲਏ। ਕੰਚਨ ਸ਼ਰਮਾ ਨੇ ਦੱਸਿਆ ਕਿ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਵਿਧਾਨ ਸਭਾ ਦੀਆਂ ਚੋਣਾਂ ਕਰਕੇ ਪੰਜਾਬ ਸਟੇਟ ਲਾਟਰੀ ਬੰਦ ਕਰ ਦਿੱਤੀ ਗਈ ਹੈ ਪਰ ਪ੍ਰਦੀਪ ਕੁਮਾਰ ਲੋਕਾਂ ਨੂੰ ਗੁੰਮਰਾਹ ਕਰਕੇ ਜਾਅਲੀ ਲਾਟਰੀ ਦਾ ਧੰਦਾ ਚਲਾ ਰਿਹਾ ਹੈ। ਪੀੜਤਾ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਉਕਤ ਵਿਅਕਤੀ ਕੋਲੋਂ ਆਪਣੇ ਰੁਪਏ ਵਾਪਸ ਮੰਗੇ ਤਾਂ ਉਸ ਨੇ ਧਮਕੀਆਂ ਦਿੱਤੀਆਂ । ਥਾਣਾ ਕੈਨਾਲ ਅਧੀਨ ਪੈਂਦੀ ਵਰਧਮਾਨ ਪੁਲਿਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਗਨੇਸ਼ਵਰ ਕੁਮਾਰ ਨੇ ਦੱਸਿਆ ਕਿ ਕਥਿਤ ਦੋਸ਼ੀ ਖਿਲਾਫ਼ ਕੇਸ ਦਰਜ ਕਰ ਲਿਆ ਹੈ।