ਗੁਰਤੇਜ ਸਿੰਘ ਸਿੱਧੂ, ਬਠਿੰਡਾ : ਉੱਘੇ ਟਰਾਂਸਪੋਰਟ ਸੰਨੀ ਢਿੱਲੋਂ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਸਰਕਾਰ ਸਮੇਂ ਟਰਾਂਸਪੋਰਟ ਵਿਭਾਗ ’ਚ ਕਰੋਡ਼ਾਂ ਰੁਪਏ ਦਾ ਘਪਲਾ ਹੋਇਆ। ਅੱਜ ਬਠਿੰਡਾ ਪ੍ਰੈੱਸ ਕਲੱਬ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬੱਸਾਂ ਦੀਆਂ ਬਾਡੀਆਂ ਲਾਉਣ ਦੇ ਮਾਮਲੇ ਵਿਚ ਹੀ ਉਸ ਸਮੇਂ ਦੇ ਟਰਾਂਸਪੋਰਟ ਮੰਤਰੀ ਰਾਜਾ ਵਡ਼ਿੰਗ ਨੇ 33 ਕਰੋਡ਼ ਰੁਪਏ ਤੋਂ ਵੱਧ ਦਾ ਘਪਲਾ ਕੀਤਾ ਹੈ। ਉਥੇ ਹੀ ਸਰਕਾਰੀ ਖ਼ਜ਼ਾਨੇ ਨੂੰ ਵੀ ਕਰੋਡ਼ਾਂ ਰੁਪਏ ਦਾ ਚੂਨਾ ਲਾਇਆ ਗਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਸਰਕਾਰ ਨੇ ਸਰਕਾਰੀ ਬੱਸਾਂ ਦੀਆਂ ਬਾਡੀਆਂ ਪੰਜਾਬ ਦੀ ਬਜਾਏ ਬਾਹਰਲੇ ਸੂਬੇ ਰਾਜਸਥਾਨ ਤੋਂ ਲਵਾਈਆਂ। ਪੰਜਾਬ ਗੋਬਿੰਦ ਕੋਚ ਭਦੌਡ਼ ਵੱਲੋਂ ਬੱਸ ਦੀ ਬਾਡੀ ਸਵਾ ਅੱਠ ਲੱਖ ਰੁਪਏ ਵਿਚ ਲਾਈ ਜਾਂਦੀ ਹੈ, ਜਿਸ ਦੀ ਦਸ ਸਾਲ ਦੀ ਵਾਰੰਟੀ ਵੀ ਉਨ੍ਹਾਂ ਵੱਲੋਂ ਦਿੱਤੀ ਜਾਂਦੀ ਹੈ। ਟਰਾਂਸਪੋਰਟ ਮੰਤਰੀ ਰਾਜਾ ਵਡ਼ਿੰਗ ਨੇ ਨਵੀਆਂ ਬੱਸਾਂ ਦੀ ਬਾਡੀ ਜੈਪੁਰ ਤੋਂ ਲਵਾਈ ਹੈ। ਟਰਾਂਸਪੋਰਟ ਮੰਤਰੀ ਨੇ 8.25 ਲੱਖ ਰੁਪਏ ਦੀ ਬਾਡੀ ਜੈਪੁਰ ਤੋਂ 11 ਲੱਖ 98 ਹਜ਼ਾਰ ਰੁਪਏ ’ਚ ਲਵਾਈ ਹੈ। ਬਾਡੀ ਲਵਾਉਣ ਲਈ ਪੰਜਾਬ ਤੋਂ ਜੈਪੁਰ ਭੇਜੀਆਂ ਬੱਸਾਂ ਦੇ ਡੀਜ਼ਲ ਦਾ ਖਰਚਾ ਹੀ ਕਰੀਬ 1.50 ਕਰੋਡ਼ ਰੁਪਏ ਹੋਇਆ ਹੈ। ਇਸ ਤਰ੍ਹਾਂ ਬੱਸਾਂ ਨੂੰ ਨਵੀਆਂ ਬਾਡੀਆਂ ਲਵਾਉਣ ਵਿਚ ਹੀ ਟਰਾਂਸਪੋਰਟ ਮੰਤਰੀ ਨੇ 33 ਕਰੋਡ਼ ਰੁਪਏ ਦਾ ਘਪਲਾ ਕੀਤਾ। ਜੇਕਰ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਬੂਤ ਮੰਗਣਗੇ ਤਾਂ ਉਹ ਜ਼ਰੂਰ ਦੇਣਗੇ। ਇਸ ਲਈ ਟਰਾਂਸਪੋਰਟ ਮੰਤਰੀ ਰਹੇ ਰਾਜਾ ਵਡ਼ਿੰਗ ਖ਼ਿਲਾਫ਼ ਤੁਰੰਤ ਕੇਸ ਦਰਜ ਕਰ ਕੇ ਉਸ ਨੂੰ ਜੇਲ੍ਹ ਭੇਜਿਆ ਜਾਵੇ।

Posted By: Tejinder Thind