ਪੰਜਾਬੀ ਜਾਗਰਣ ਪ੍ਰਤੀਨਿਧੀ, ਬਠਿੰਡਾ : ਬਠਿੰਡਾ ਪੁਲਿਸ ਨੇ ਅਲੱਗ ਅਲੱਗ ਜਗ੍ਹਾ ਤੋਂ ਚਾਰ ਜਣਿਆਂ ਨੂੰ ਗਿ੍ਫ਼ਤਾਰ ਕਰਕੇ 260 ਲੀਟਰ ਲਾਹਣ ਤੇ 34 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਦੌਰਾਨ ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ ਤਿੰਨ ਮਾਮਲੇ ਦਰਜ ਕੀਤੇ ਗਏ ਹਨ। ਥਾਣਾ ਸਦਰ ਬਠਿੰਡਾ ਦੇ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦ ਪੁਲਿਸ ਗਸ਼ਤ ਕਰ ਰਹੀ ਸੀ, ਤਾਂ ਇਸ ਦੌਰਾਨ ਬਸਤੀ ਨੰਬਰ 3 ਬੀੜ ਤਲਾਬ ਕੋਲੋਂ ਕਥਿਤ ਦੋਸ਼ੀ ਨਰਿੰਦਰ ਸਿੰਘ ਵਾਸੀ ਬਸਤੀ ਨੰਬਰ. 03 ਬੀੜ ਤਲਾਬ ਨੂੰ ਕਾਬੂ ਕੀਤਾ ਗਿਆ। ਇਸ ਦੌਰਾਨ ਉਸ ਕੋਲੋਂ 160 ਲੀਟਰ ਲਾਹਣ ਤੇ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਥਾਣਾ ਮੌੜ ਦੇ ਜਾਂਚ ਅਧਿਕਾਰੀ ਹੌਲਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਬੂਟਾ ਸਿੰਘ ਵਾਸੀ ਮਾਨਸਾ ਕਲਾਂ ਨੂੰ 100 ਲੀਟਰ ਲਾਹਣ ਸਮੇਤ ਕਾਬੂ ਕੀਤਾ ਗਿਆ। ਉਸ ਨੂੰ ਗਿ੍ਫ਼ਤਾਰ ਕਰਕੇ ਹਵਾਲਾਤ ਥਾਣਾ 'ਚ ਬੰਦ ਕਰ ਦਿੱਤਾ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਥਾਣਾ ਸੰਗਤ ਦੇ ਜਾਂਚ ਅਧਿਕਾਰੀ ਏਐਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਬਲਜੀਤ ਸਿੰਘ ਅਤੇ ਸੰਦੀਪ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਨੂੰ 14 ਬੋਤਲਾਂ ਠੇਕਾ ਦੇਸੀ ਹਰਿਆਣਾ ਮਾਰਕਾ ਸ਼ਾਹੀ ਸਮੇਤ ਮੋਟਰਸਾਈਕਲ ਟੀਵੀਐਸ ਅਪਾਚੀ ਨੰਬਰ. ਪੀਬੀ 03 ਏਡੀ 0175 ਨੂੰ ਪਿੰਡ ਪਥਰਾਲਾ ਤੋਂ ਕਾਬੂ ਕੀਤਾ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਐਕਸਾਈਜ਼ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।