ਗੁਰਤੇਜ ਸਿੰਘ ਸਿੱਧੂ, ਬਠਿੰਡਾ : ਭਾਵੇਂ ਕੋਰੋਨਾ ਮਹਾਮਾਰੀ ਕਾਰਨ ਪੂਰੇ ਦੇਸ਼ ਅੰਦਰ ਲਾਕਡਾਊਨ ਲੱਗਾ ਹੋਇਆ ਹੈ ਜੇਲ੍ਹ ਪ੍ਰਸ਼ਾਸ਼ਨ ਜੇਲ੍ਹ ਅੰਦਰ ਮੋਬਾਈਲ ਫੋਨ ਮਿਲਣ 'ਤੇ ਕਰਫਿਊ ਲਾਉਣ 'ਚ ਪੂਰੀ ਤਰ੍ਹਾਂ ਫੇਲ੍ਹ ਰਿਹਾ ਹੈ। ਇਕ ਹਫ਼ਤੇ ਅੰਦਰ ਹੀ ਜੇਲ੍ਹ ਵਿਚਲੇ ਕੈਦੀਆਂ 'ਤੇ ਹਵਾਲਾਤੀਆਂ ਕੋਲੋਂ 26 ਮੋਬਾਈਲ ਫੋਨ ਬਰਾਮਦ ਹੋਏ, ਜਿੰਨ੍ਹਾਂ 'ਚੋਂ ਜ਼ਿਆਦਾਤਰ ਸਮਾਰਟ ਫੋਨ ਸਨ। 22 ਮਾਰਚ ਤੋਂ ਲੈ ਕੇ 28 ਮਾਰਚ ਤਕ ਬਠਿੰਡਾ ਜੇਲ੍ਹ 'ਚੋਂ 26 ਮੋਬਾਈਲ ਫੋਨ ਬਰਾਮਦ ਹੋਏ, ਜਦਕਿ ਜਰਦੇ ਦੀਆਂ ਪੁੜੀਆਂ ਤੇ ਬੀੜੀਆਂ ਵੀ ਬਰਾਮਦ ਹੋਈਆਂ। ਇਨ੍ਹਾਂ ਸਭ ਮਾਮਲਿਆਂ ਵਿਚ ਬਠਿੰਡਾ ਦੇ ਥਾਣਾ ਕੈਂਟ ਪੁਲਿਸ ਨੇ ਦੋ ਗੈਂਗਸਟਰਾਂ ਸਮੇਤ 17 ਹਵਾਲਾਤੀਆਂ 'ਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਵੀ ਦਰਜ ਕਰ ਲਿਆ ਹੈ ਪਰ ਪੁਲਿਸ ਅੱਜ ਤਕ ਇਸ ਗੱਲ ਦਾ ਖੁਲਾਸਾ ਨਹੀਂ ਸਕੀ ਕਿ ਜੇਲ੍ਹ ਅੰਦਰ ਇਹ ਮੋਬਾਈਲ ਫੋਨ ਪਹੁੰਚੇ ਕਿਵੇਂ ਹਨ। ਭਾਵੇਂ ਕਿ ਪਿਛਲੇ ਮਹੀਨੇ ਬਠਿੰਡਾ ਪੁਲਿਸ ਨੇ ਜੇਲ੍ਹ ਦੇ ਇਕ ਪ੍ਰਰਾਈਵੇਟ ਸਕਿਉਰਿਟੀ ਗਾਰਡ 'ਤੇ ਮਾਮਲਾ ਦਰਜ ਕੀਤਾ ਸੀ ਜੋ ਕਿ ਜੇਲ੍ਹ 'ਚ ਬੰਦ ਦੋ ਹਵਾਲਾਤੀਆਂ ਨਾਲ ਮਿਲ ਕੇ ਨਸ਼ਾ ਤੇ ਮੋਬਾਈਲ ਫੋਨ ਪਹੁੰਚਾਉਂਦਾ ਸੀ। ਪੁਲਿਸ ਨੇ ਉਸ ਸਮੇਂ ਸੱਤ ਮੋਬਾਈਲ ਫੋਨ ਵੀ ਬਰਾਮਦ ਕੀਤੇ ਸਨ ਪਰ ਉਸ ਤੋਂ ਬਾਅਦ ਇਸ ਗਿਰੋਹ ਵਿਚ ਹੋਰ ਕੌਣ ਸ਼ਾਮਲ ਹੈ, ਨਾ ਤਾਂ ਜੇਲ੍ਹ ਪ੍ਰਸ਼ਾਸਨ ਇਸ ਦਾ ਖੁਲਾਸਾ ਕਰ ਸਕਿਆ ਤੇ ਨਾ ਹੀ ਮਾਮਲੇ ਦੀ ਜਾਂਚ ਕਰ ਰਹੀ ਬਠਿੰਡਾ ਪੁਲਿਸ।

ਕੇਂਦਰੀ ਜੇਲ੍ਹ 'ਚ ਲਾਕਡਾਊਨ ਤੇ ਕਰਫਿਊ ਦੌਰਾਨ ਵੀ ਕੈਦੀਆਂ ਤੇ ਹਵਾਲਾਤੀਆਂ ਕੋਲੋਂ ਮੋਬਾਈਲ ਫੋਨ ਬਰਾਮਦ ਹੋਣ ਤੋਂ ਇਕ ਗੱਲ ਤਾਂ ਤੈਅ ਹੈ ਕਿ ਕੈਦੀਆਂ ਨੂੰ ਮੋਬਾਈਲ ਫੋਨ ਤੇ ਹੋਰ ਸਾਜੋ ਸਾਮਾਨ ਜੇਲ ਪ੍ਰਸ਼ਾਸ਼ਨ ਦੇ ਅਧੀਨ ਕੰਮ ਕਰ ਰਹੇ ਸੁਰੱਖਿਆ ਕਰਮਚਾਰੀ ਅਤੇ ਹੋਰ ਕਰਮਚਾਰੀਆਂ ਦੇ ਸਹਿਯੋਗ ਨਾਲ ਹੀ ਪਹੁੰਚਾਇਆ ਜਾ ਰਿਹਾ ਹੈ।

ਇਸ 'ਚ ਜੇਲ੍ਹ ਪ੍ਰਸ਼ਾਸਨ ਕਈ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕਰ ਚੁੱਕਿਆ ਹੈ ਪਰ ਕੈਦੀਆਂ ਤਕ ਨਸ਼ਾ ਤੇ ਮੋਬਾਈਲ ਪਹੁੰਚਾਉਣ ਦਾ ਕੰਮ ਕਰ ਰਹੇ ਗੈਂਗ ਨੂੰ ਬੇਨਕਾਬ ਕਰਨ 'ਚ ਨਾਕਾਮ ਰਹੇ ਹਨ। ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਜੇਲ੍ਹ ਪ੍ਰਸ਼ਾਸਨ ਤੇ ਸੀਆਰਪੀਐੱਫ਼ ਦੇ ਜਵਾਨਾਂ ਵੱਲੋਂ ਸਮੇਂ-ਸਮੇਂ 'ਤੇ ਜੇਲ੍ਹ ਵਿਚ ਸਰਚ ਅਭਿਆਨ ਚਲਾਇਆ ਜਾਂਦਾ ਹੈ। ਮੋਬਾਈਲ ਫੋਨ ਜਾਂ ਨਸ਼ਾ ਬਰਾਮਦ ਹੋਣ 'ਤੇ ਉਸ ਦੀ ਤੁਰੰਤ ਜਾਣਕਾਰੀ ਬਠਿੰਡਾ ਪੁਲਿਸ ਨੂੰ ਦੇ ਦਿੱਤੀ ਜਾਂਦੀ ਹੈ। ਪੁਲਿਸ ਹੀ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਦੀ ਹੈ।

ਪ੍ਰਾਈਵੇਟ ਸਕਿਉਰਿਟੀ ਗਾਰਡ, ਕੈਦੀ ਨਾਲ ਮਿਲ ਕੇ ਚਲਾਉਂਦਾ ਸੀ ਮੋਬਾਈਲ ਵੇਚਣ ਦਾ ਧੰਦਾ

ਜੇਲ੍ਹ ਦੀ ਸੁਰੱਖਿਆ ਵਿਚ ਤਾਇਨਾਤ ਇਕ ਸਕਿਊਰਿਟੀ ਗਾਰਡ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਵਿਚ ਬੰਦ ਕੈਦੀ ਨਾਲ ਮਿਲ ਕੇ ਜੇਲ੍ਹ ਵਿਚ ਬੰਦ ਹੋਰ ਕੈਦੀਆਂ ਨੂੰ ਮੋਬਾਈਲ ਫੋਨ, ਜਰਦਾ ਤੇ ਹੋਰ ਸਾਮਾਨ ਪਹੁੰਚਾਉਣ ਦਾ ਖੁਲਾਸਾ ਹੋਇਆ ਹੈ। ਗਾਰਡ ਬਾਹਰ ਤੋਂ ਸਾਮਾਨ ਲੈ ਕੇ ਡਿਊਟੀ 'ਤੇ ਪਹੁੰਚਦਾ ਸੀ ਤੇ ਅੱਗੇ ਕੈਦੀਆਂ ਨੂੰ ਪਹੁੰਚਾਉਂਦਾ ਸੀ, ਜੋ ਕਿ ਅੱਗੇ ਦੂਜੇ ਕੈਦੀਆਂ ਨੂੰ ਵੇਚਣ ਆਦਿ ਦਾ ਕੰਮ ਕਰਦਾ ਸੀ।

ਇਸ ਮਾਮਲੇ ਦਾ ਪਰਦਾਫਾਸ਼ ਹੋਣ ਤੋਂ ਬਾਅਦ ਜੇਲ ਪ੍ਰਬੰਧਕ ਨੇ ਕਥਿੱਤ ਦੋਸ਼ੀ ਕੈਦੀ ਕੋਲੋਂ ਛੇ ਮੋਬਾਈਲ ਤੇ 14 ਜਰਦੇ ਦੀਆਂ ਪੁੜੀਆਂ ਬਰਾਮਦ ਕਰ ਕੇ ਗਾਰਡ ਸਮੇਤ ਕੈਦੀ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ। ਲੰਘੀ 22 ਅਪ੍ਰਰੈਲ ਨੂੰ ਗਸ਼ਤ ਦੌਰਾਨ ਡਿਪਟੀ ਸੁਪਰਡੈਂਟ ਦੇ ਦਫ਼ਤਰ ਦੇ ਬੈਕ ਸਾਈਡ ਲਵਾਰਸ ਹਾਲਤ 'ਚ ਪਏ ਇਕ ਕਾਲੇ ਰੰਗ ਦਾ ਲਿਫ਼ਾਫ਼ੇ ਤੋਂ ਸੀਆਰਪੀਐੱਫ਼ ਦੇ ਜਵਾਨਾਂ ਨੇ ਚਾਰ ਮੋਬਾਈਲ ਫੋਨ (ਤਿੰਨ ਛੋਟੇ ਤੇ ਇਕ ਟਚ ਸਕਰੀਨ ਵਾਲਾ ਬਿਨ੍ਹਾਂ ਸਿਮ ਕਾਰਡ) ਤੇ 14 ਜਰਦੇ ਦੀਆਂ ਪੁੜੀਆਂ ਬਰਾਮਦ ਕੀਤੀਆਂ ਸਨ, ਜਿਸ ਤੋਂ ਬਾਅਦ ਉਕਤ ਸਾਮਾਨ ਨੂੰ ਲੈ ਕੇ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਨਸ਼ਾ ਤਸ਼ਕਰੀ ਦੇ ਦੋਸ਼ ਹੇਠ 15 ਸਾਲ ਦੀ ਸਜਾ ਕੱਟ ਰਹੇ ਸਿਰਸਾ ਜ਼ਿਲ੍ਹੇ ਦੇ ਪਿੰਡ ਗੁੱਡਾ ਵਾਸੀ ਗੁਰਦੀਪ ਸਿੰਘ ਨੇ ਜੇਲ੍ਹ ਅੰਦਰ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਬਾਹਰ ਹੀ ਡਿੱਗ ਗਏ, ਜਿਸ ਤੋਂ ਬਾਅਦ ਜਦੋਂ ਸੁਰੱਖਿਆ ਕਰਮਚਾਰੀਆਂ ਨੇ ਉਸ ਦੀ ਬੈਰਕ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਹੋਰ ਮੋਬਾਈਲ ਫੋਨ ਬਰਾਮਦ ਹੋਇਆ। ਕੈਦੀ ਨੇ ਦੱਸਿਆ ਕਿ ਉਸ ਨੂੰ ਮੋਬਾਇਲ ਫੋਨ ਅਤੇ ਹੋਰ ਸਮਾਨ ਪਹੁੰਚਉਣ ਵਿਚ ਜੇਲ ਦਾ ਗਾਰਡ ਪਿੰਡ ਗੋਬਿੰਦਪੁਰਾ ਵਾਸੀ ਸੁਖਚੈਨ ਸਿੰਘ ਉਸ ਦੀ ਮਦਦ ਕਰਦਾ ਸੀ। ਉਹ ਜੇਲ੍ਹ ਦੇ ਬਾਹਰ ਤੋਂ ਸਾਮਾਨ ਲੈ ਕੇ ਆਉਂਦਾ ਸੀ। ਇਸ ਕੰਮ ਲਈ ਸੁਖਚੈਨ ਸਿੰਘ ਉਸ ਤੋਂ ਪੈਸੇ ਵੀ ਲੈਂਦਾ ਸੀ।

22 ਮਾਰਚ ਤੋਂ ਬਾਅਦ ਜੇਲ੍ਹ ਤੋਂ ਬਰਾਮਦ ਹੋਏ ਮੋਬਾਈਲ ਫੋਨ

1. ਵਿਚਾਰ ਅਧੀਨ ਕੈਦੀ ਪਿੰਡ ਕੋਠਾਗੁਰੂ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਤੋਂ ਇਕ ਮੋਬਾਈਲ ਫੋਨ ਬਰਾਮਦ ਹੋਇਆ।

2. ਜੇਲ੍ਹ ਵਿਚ ਬੰਦ ਅਮਨਦੀਪ ਸਿੰਘ ਵਾਸੀ ਅੰਮਿ੍ਤਸਰ ਦੀ ਬੈਰਕ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਮੋਬਾਈਲ ਫੋਨ ਬਰਾਮਦ ਹੋਇਆ।

3. ਹੁਸ਼ਿਆਰਪੁਰ ਦੇ ਪਿੰਡ ਰਾਮਪੁਰ ਥਿਰੋੜ ਦੇ ਬੰਦ ਹਵਾਲਾਤੀ ਗੈਂਗਸਟਰ ਹਨੀ ਕੁਮਾਰ ਕੋਲੋਂ ਇਕ ਮੋਬਾਈਲ ਬਰਾਮਦ ਕੀਤਾ ਗਿਆ।

4. ਜੇਲ੍ਹ ਦੀ ਬੈਰਕ 'ਚੋਂ ਦੋ ਮੋਬਾਈਲ ਫੋਨ ਬਰਾਮਦ ਹੋਏ, ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕੀਤਾ ਸੀ।

5. ਜੇਲ੍ਹ 'ਚ ਬੰਦ ਵਿਚਾਰ ਅਧੀਨ ਕੈਦੀ ਰੇਸ਼ਮ ਸਿੰਘ, ਸਤਨਾਮ ਸਿੰਘ ਵਾਸੀ ਰਾਵਤਸਰ ਤੇ ਖੁਸ਼ਪ੍ਰਰੀਤ ਸਿੰਘ ਵਾਸੀ ਗੁਰੂਸਰ ਜਲਾਲ ਤੋਂ ਜਰਦਾ ਤੇ ਬੀੜੀਆਂ ਦੇ ਪੈਕਟ ਬਰਾਮਦ ਹੋਏ।

6. ਵਿਚਾਰ ਅਧੀਨ ਕੈਦੀ ਗੁਰਪਿੰਦਰ ਸਿੰਘ ਵਾਸੀ ਪਿੰਡ ਜੀਦਾ ਦੀ ਬੈਰਕ ਦੀ ਤਲਾਸ਼ੀ ਲਈ ਤਾਂ ਇਕ ਮੋਬਾਈਲ ਫੋਨ ਬਰਾਮਦ ਹੋਇਆ, ਜਿਸ ਵਿਚ ਸਿਮ ਕਾਰਡ ਵੀ ਸੀ।

7. ਹਵਾਲਾਤੀ ਪਿੰਡ ਜੱਸੀ ਪੌ ਵਾਲੀ ਦੇ ਰਾਜਵਿੰਦਰ ਸਿੰਘ ਤੋਂ ਇਕ ਮੋਬਾਈਲ ਫੋਨ ਬਰਾਮਦ ਹੋਇਆ।

8. ਵਿਚਾਰ ਅਧੀਨ ਕੈਦੀ ਬਲਜੀਤ ਸਿੰਘ ਕੋਲੋਂ ਇਕ ਛੋਟਾ ਮੋਬਾਈਲ ਫੋਨ ਤੇ ਸਿਮ ਕਾਰਡ ਬਰਾਮਦ ਹੋਇਆ।

9. ਹਵਾਲਾਤੀ ਰਘਬੀਰ ਸਿੰਘ ਵਾਸੀ ਮੰਡੀ ਕਲਾਂ, ਕੈਦੀ ਰਾਜੇਸ਼ ਕੁਮਾਰ, ਸੰਦੀਪ ਸਿੰਘ ਤੋਂ ਇਕ ਮੋਬਾਈਲ ਫੋਨ ਤੇ ਕਾਫ਼ੀ ਮਾਤਰਾ ਵਿਚ ਜਰਦੇ ਦੀਆਂ ਪੁੜੀਆਂ ਬਰਾਮਦ ਹੋਈਆਂ।

10. ਹਵਾਲਾਤੀ ਰਾਮ ਸਿੰਘ ਵਾਸੀ ਮੱਧ ਪ੍ਰਦੇਸ਼ ਕੋਲੋਂ ਮੋਬਾਈਲ ਫੋਨ ਬਰਾਮਦ ਹੋਇਆ।

11. ਕੇਂਦਰੀ ਜੇਲ੍ਹ 'ਚ ਬੰਦ ਦੋ ਹਵਾਲਾਤੀ ਜੋਗਿੰਦਰ ਸਿੰਘ ਵਾਸੀ ਨਿਹਾਲ ਕਿਲਚਾ, ਹਵਾਲਾਤੀ ਲਖਵੀਰ ਸਿੰਘ ਵਾਸੀ ਰਾਮਪੁਰਾ ਦੀ ਬੈਰਕ ਦੀ ਤਲਾਸ਼ੀ ਲਈ ਤਾਂ ਦੋ ਮੋਬਾਈਲ ਫੋਨ, ਵਾਈਫਾਈ ਡੋਂਗਲ, ਚਾਰਜਰ ਤੇ ਸਿਮ ਕਾਰਡ ਬਰਾਮਦ ਕੀਤੇ ਗਏ। ਵਾਈ ਫਾਈ ਡੋਂਗਲ ਤੋਂ ਉਹ ਬੈਰਕ ਅਤੇ ਆਸ ਪਾਸ ਰਹਿੰਦੇ ਕੈਦੀਆਂ ਨੂੰ ਇੰਟਰਨੈਟ ਕੁਨੈਕਸ਼ਨ ਦਿੰਦੇ ਸਨ।

12. ਨਸ਼ਾ ਤਸਕਰੀ ਦੇ ਦੋਸ਼ ਵਿਚ ਬੰਦ ਇਕ ਵਿਚਾਰ ਅਧੀਨ ਕੈਦੀ ਤਰਸੇਮ ਸਿੰਘ ਵਾਸੀ ਲੌਹਾਰ ਵਾਲੀ ਗਲੀ ਪੀਰ ਕਿੱਕਰਾ ਮੁਹੱਲਾ ਤਰਨਕਾਰ ਤੋਂ ਇਕ ਮੋਬਾਈਲ ਫੋਨ ਤੇ ਸਿਮ ਕਾਰਡ ਬਰਾਮਦ ਹੋਇਆ, ਜਦੋਂ ਕਿ ਬੈਰਕ ਦੀ ਤਲਾਸ਼ੀ ਦੌਰਾਨ ਲਵਾਰਸ ਹਾਲਤ ਵਿਚ ਦੋ ਮੋਬਾਈਲ ਫੋਨ, ਸਿਮ ਕਾਰਡ ਸਮੇਤ ਅਤੇ ਇਕ ਬੈਗ 'ਚੋਂ ਇਕ ਨਸ਼ੀਲਾ ਪਦਾਰਥ ਬਰਾਮਦ ਹੋਇਆ।

13. ਹਵਾਲਾਤੀ ਅਮਿਤ ਕੁਮਾਰ ਦੀ ਬੈਰਕ ਨੰਬਰ ਤਿੰਨ ਦੀ ਤਲਾਸ਼ੀ ਲਈ ਤਾਂ ਉਸ ਕੋਲੋ ਸੈਮਸੰਗ ਕੰਪਨੀ ਦਾ ਬਟਨਾ ਵਾਲਾ ਮੋਬਾਈਲ ਬਰਾਮਦ ਹੋਇਆ।