ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਕੋਰੋਨਾ ਮਹਾਮਾਰੀ ਦਾ ਪ੍ਰਕੋਪ ਬਠਿੰਡਾ ਜ਼ਿਲ੍ਹੇ 'ਚ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜਿਸ ਦੇ ਮੱਦੇਨਜ਼ਰ ਲਗਾਤਾਰ ਪਾਜ਼ੇਟਿਵ ਕੇਸਾਂ ਦੀ ਗਿਣਤੀ ਹੁਣ ਵਧਦੀ ਜਾ ਰਹੀ ਹੈ। ਅੱਜ ਪਾਜ਼ੇਟਿਵ ਕੇਸਾਂ ਦੀ ਗਿਣਤੀ 22 ਆਈ ਹੈ। 339 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜ਼ਿਲ੍ਹੇ ਅੰਦਰ ਐਕਟਿਵ ਕੇਸਾਂ ਦੀ ਗਿਣਤੀ ਹੁਣ 56 ਦੱਸੀ ਜਾ ਰਹੀ ਹੈ, ਜਿਸ ਕਾਰਨ ਬਠਿੰਡਾ ਜ਼ਿਲ੍ਹੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੀ ਵਧ ਗਈਆਂ ਹਨ। ਇਸ ਕਾਰਨ ਹੁਣ ਬਠਿੰਡਾ ਦੇ ਬਸ਼ਿੰਦਿਆਂ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਭਾਵੇਂਕਿ ਜ਼ਿਲ੍ਹੇ 'ਚ ਲਗਾਤਾਰ ਕੇਸ ਵਧਦੇ ਜਾ ਰਹੇ ਹਨ, ਪਰ ਿਫ਼ਰ ਵੀ ਲੋਕਾਂ ਵਲੋਂ ਅਣਗਹਿਲੀਆਂ ਕੀਤੀਆਂ ਜਾ ਰਹੀਆਂ ਹਨ। ਨਿਯਮਾਂ ਦੀ ਲਗਾਤਾਰ ਉਲੰਘਣਾ ਕਰਦੇ ਲੋਕ ਦਿਖਾਈ ਦੇ ਰਹੇ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਰਿਫ਼ਾਇਨਰੀ ਜਾਂ ਕੈਂਟ ਦੇ ਜ਼ਿਆਦਾਤਰ ਕੋਰੋਨਾ ਪੀੜਤ ਮਰੀਜ਼ ਆ ਰਹੇ ਹਨ।

ਬਠਿੰਡਾ ਵਿਚ ਆ ਰਹੇ ਰੋਜ਼ਾਨਾ ਕੇਸਾਂ ਵਿਚ ਇਹ ਸਾਰੇ ਕੇਸਾਂ ਤੋਂ ਵੱਧ ਸੰਖਿਆ ਵਾਲੀ ਰਿਪੋਰਟ ਆਈ ਹੈ। ਜਦੋਂ 22 ਕੇਸ ਇਕੋ ਦਿਨ 'ਚ ਬਠਿੰਡਾ ਆਏ ਹਨ। ਇਸ ਦੇ ਨਾਲ ਹੀ ਸਿਹਤ ਵਿਭਾਗ ਤੇ ਪ੍ਰਸ਼ਾਸਨ ਦੀ ਵੀ ਸਿਰਦਰਦੀ ਵਧਦੀ ਜਾ ਰਹੀ ਹੈ। ਇਸ ਮਾਮਲੇ 'ਚ ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ. ਸ਼੍ਰੀ ਨਿਵਾਸਨ ਨੇ ਕਿਹਾ ਹੈ ਕਿ ਇਹ ਇਕ ਭਿਆਨਕ ਵਾਇਰਸ ਹੈ, ਜੋ ਕਿ ਇਕ ਦੂਜੇ ਦੇ ਸੰਪਰਕ ਵਿਚ ਆਉਣ ਨਾਲ ਫੈਲਦਾ ਹੈ। ਇਸ ਤੋਂ ਬਚਾਓ ਲਈ ਹਾਲ ਦੀ ਘੜੀ ਸਿਰਫ਼ ਪ੍ਰਹੇਜ਼ ਹੀ ਦਵਾਈ ਹੈ।

ਡੀਸੀ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਇਸ ਵਾਇਰਸ ਤੋਂ ਬਚਣ ਲਈ ਹਰ ਵਿਅਕਤੀ ਨੂੰ ਮਾਸਕ ਪਹਿਨਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਆਪਸ ਵਿਚ 6 ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਆਪਸੀ ਤਾਲਮੇਲ ਨੂੰ ਘਟਾਇਆ ਜਾਵੇ ਅਤੇ ਹੱਥਾਂ ਨੂੰ ਵਾਰ-ਵਾਰ ਸਾਬਣ ਜਾਂ ਸੈਨੀਟਾਈਜ਼ ਨਾਲ ਸਾਫ਼ ਕੀਤਾ ਜਾਵੇ। ਉਨ੍ਹਾਂ ਬਜ਼ੁਰਗਾਂ ਤੇ ਬੱਚਿਆਂ ਨੂੰ ਖਾਸ ਅਪੀਲ ਕੀਤੀ ਕਿ ਉਹ ਆਪਣੇ ਘਰ ਤੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਤਾਂ ਜੋ ਕੋਵਿਡ-19 ਨੂੰ ਹਰਾਉਣ ਲਈ ਚਲਾਈ ਗਈ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਵੀਰਵਾਰ ਦੀ ਸ਼ਾਮ ਤੱਕ 4 ਹੋਰ ਵਿਅਕਤੀ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਪਹੁੰਚੇ ਹਨ।