ਮਨਪ੍ਰੀਤ ਸਿੰਘ ਗਿੱਲ/ਮੱਖਣ ਸਿੰਘ ਬੁੱਟਰ, ਰਾਮਪੁਰਾ ਫੂਲ: ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਰਾਮਪੁਰਾ ਫੂਲ ਸਥਿਤ ਸਟੈਲਕੋ ਫੈਕਟਰੀ ਦੇ ਸਾਹਮਣੇ ਬਣੇ ਪੁਲ ਉੱਪਰ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਫੇਟ ਮਾਰ ਦਿੱਤੀ ਤੇ ਗੰਭੀਰ ਜ਼ਖ਼ਮੀ ਕਰ ਕੇ ਭੱਜ ਗਿਆ।

ਇਸ ਬਾਰੇ ਸਹਾਰਾ ਸਮਾਜ ਸੇਵਾ ਦੇ ਸੰਦੀਪ ਵਰਮਾ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਦੋ ਵਿਅਕਤੀ ਗੰਭੀਰ ਜ਼ਖ਼ਮੀ ਹਨ। ਇਸ ਤੋਂ ਬਾਅਦ ਸਹਾਰਾ ਟੀਮ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਦੋਵਾਂ ਜ਼ਖ਼ਮੀਆਂ ਨੂੰ ਸੰਸਥਾ ਦੀਆਂ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਨੌਜਵਾਨ ਨੇ ਦਮ ਤੋੜ ਦਿੱਤਾ ਜਦਕਿ ਦੂਜਾ ਨੌਜਵਾਨ ਗੰਭੀਰ ਹਾਲਤ ਵਿਚ ਜ਼ਖ਼ਮੀ ਸੀ ਤਾਂ ਉਸ ਨੂੰ ਰਜਿਦਰਾ ਹਸਪਤਾਲ ਪਟਿਆਲੇ ਰੈਫਰ ਕਰ ਦਿੱਤਾ। ਉਸ ਨੂੰ ਸਹਾਰਾ ਦੀ ਐਂਬੂਲੈਂਸ ਜ਼ਰੀਏ ਪਟਿਆਲੇ ਪਹੁੰਚਾ ਦਿੱਤਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਥਾਣਾ ਸਿਟੀ ਦੇ ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਸੁਲੱਖਣ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਪਿੰਡ ਉੱਪਲੀ ਤੇ ਗੁਰਇਕਬਾਲ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਸ਼ਹਿਣਾ ਜ਼ਿਲ੍ਹਾ ਬਰਨਾਲਾ ਬਠਿੰਡਾ ਤੋਂ ਰਾਮਪੁਰੇ ਵੱਲ ਆ ਰਹੇ ਸਨ। ਇਸ ਦੌਰਾਨ ਅਣਪਛਾਤੇ ਤੇਜ਼ ਰਫਤਾਰ ਵਾਹਨ ਚਾਲਕ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਤੇ ਦੋਵੇਂ ਵਿਅਕਤੀ ਸੜਕ 'ਤੇ ਡਿੱਗ ਕੇ ਜ਼ਖਮੀ ਹੋ ਗਏ।

ਮ੍ਰਿਤਕ ਨੌਜਵਾਨ ਦੀ ਪਤਨੀ ਗੁਰਬਖ਼ਸ਼ੀਸ਼ ਕੌਰ ਦੇ ਬਿਆਨਾਂ ਦੀ ਬਿਨਾਅ 'ਤੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਦੇਹ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ, ਜਦਕਿ ਗੁਰਇਕਬਾਲ ਸਿੰਘ ਦੀ ਦੇਹ ਪਟਿਆਲਾ ਵਿਚ ਹੈ।