ਜਤਿੰਦਰਜੀਤ ਸੰਧੂ, ਰਾਮਪੁਰਾ ਫੁਲ : ਸਥਾਨਕ ਸ਼ਹਿਰ ਵਾਸੀ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਰਾਮਪੁਰਾ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ ਉਪਰ ਸਾਢੇ 18 ਲੱਖ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮਾਂ ਤਹਿਤ ਨਕੋਦਰ ਵਾਸੀ ਤਿੰਨ ਅੌਰਤਾਂ ਸਮੇਤ ਅੱਠ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਰਾਮਪੁਰਾ ਵਾਸੀ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਅਕਸਰ ਨਕੋਦਰ ਸਥਿਤ ਇਕ ਡੇਰੇ ਵਿਚ ਜਾਂਦੇ ਰਹਿੰਦੇ ਸਨ। ਇਸ ਦੌਰਾਨ ਡੇਰੇ ਨੇੜੇ ਪ੍ਰਸ਼ਾਦ ਦੀ ਦੁਕਾਨ ਚਲਾਉਣ ਵਾਲੀ ਅੌਰਤ ਸੁਨੀਤਾ ਦੇ ਨਾਲ ਉਨ੍ਹਾਂ ਦੀ ਚੰਗੀ ਜਾਣ- ਪਹਿਚਾਣ ਹੋ ਗਈ। ਸੁਨੀਤਾ ਨੇ ਉਸ ਨੂੰ ਦੱਸਿਆ ਕਿ ਉਸ ਦਾ ਇਕ ਮੁੂੰਹ ਬੋਲਿਆ ਭਰਾ ਰਾਜਵੀਰ ਸਿੰਘ ਲੋਕਾਂ ਨੂੰ ਵਰਕ ਪਰਮਿਟ ਉੱਤੇ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ ਅਤੇ ਹੁਣ ਤਕ ਕਈ ਲੋਕਾਂ ਨੂੰ ਵਿਦੇਸ਼ ਭੇਜ ਚੁੱਕਾ ਹੈ। ਸੁਨੀਤਾ ਦੇ ਵਿਸ਼ਵਾਸ ਦਿਵਾਉਣ 'ਤੇ ਉਨ੍ਹਾਂ ਨੇ ਰਾਜਵੀਰ ਸਿੰਘ ਨਾਲ ਉਸ ਦੇ ਨਕੋਦਰ ਸਥਿਤ ਘਰ ਵਿਚ ਮੁਲਾਕਾਤ ਕੀਤੀ। ਇਸ ਦੌਰਾਨ ਰਾਜਵੀਰ ਸਿੰਘ ਵੱਲੋਂ ਵਰਕ ਪਰਮਿਟ 'ਤੇ ਕੈਨੇਡਾ ਭੇਜਣ ਲਈ ਉਸ ਤੋਂ 25 ਲੱਖ ਰੁਪਏ ਦੀ ਮੰਗ ਕੀਤੀ ਗਈ, ਜਿਸ 'ਚੋਂ 20 ਲੱਖ ਰੁਪਏ ਵੀਜਾ ਲੱਗਣ ਤੋਂ ਪਹਿਲਾਂ ਤੇ 5 ਲੱਖ ਰੁਪਏ ਕੈਨੇਡਾ ਲਈ ਰਵਾਨਾ ਹੋਣ ਸਮੇਂ ਏਅਰਪੋਰਟ ਉੱਤੇ ਦੇਣ ਦੀ ਗੱਲ ਕੀਤੀ। ਰਾਜਵੀਰ ਸਿੰਘ ਨੇ ਕਿਹਾ ਕਿ ਉਹ ਇਹ ਪੈਸਾ ਕਿਸ਼ਤਾਂ 'ਚ ਵੀ ਦੇ ਸਕਦੇ ਹਨ। ਉਨ੍ਹਾਂ ਦੀਆਂ ਗੱਲਾਾਂਵਿਚ ਆ ਕੇ ਅਕਤੂਬਰ 2018 ਵਿਚ ਉਨ੍ਹਾਂ ਨੂੰ 12 ਲੱਖ 30 ਹਜ਼ਾਰ ਰੁਪਏ ਦੇ ਦਿੱਤੇ। ਇਸ ਤੋਂ ਬਾਅਦ ਅਕਤੂਬਰ 2018 ਦੇ ਆਖਰੀ ਹਫ਼ਤੇ ਦਿੱਲੀ ਵਿਚ ਉਸਦਾ ਮੈਡੀਕਲ ਕਰਵਾਇਆ ਗਿਆ। ਇਸਦੇ ਬਾਅਦ ਨਵੰਬਰ 2018 ਵਿਚ ਈ-ਮੇਲ ਰਾਹੀਂ ਉਸ ਨੂੰ ਜਾਬ ਆਫਰ ਲੈਟਰ, ਐੱਲਐੱਮਆਈ ਲੈਟਰ ਤੇ ਫਰਵਰੀ 2019 'ਚ ਵੀਜ਼ੇ ਦੀ ਕਾਪੀ ਭੇਜ ਕੇ ਬਾਕੀ ਪੈਸਿਆਂ ਦੀ ਮੰਗ ਕੀਤੀ ਗਈ, ਜਿਸ ਉੱਤੇ ਮਾਰਚ 2019 ਤੱਕ ਉਸ ਨੇ ਕਥਿਤ ਦੋਸ਼ੀਆਂ ਨੂੰ ਕਿਸ਼ਤਾਂ ਵਿਚ ਛੇ ਲੱਖ 15 ਹਜ਼ਾਰ ਰੁਪਏ ਦਿੱਤੇ। ਇਸ ਦੌਰਾਨ 15 ਮਾਰਚ ਨੂੰ ਉਨ੍ਹਾਂ ਨੇ ਉਸ ਨੂੰ ਹਵਾਈ ਜਹਾਜ਼ ਦੀ ਟਿਕਟ ਭੇਜਕੇ ਹੋਰ ਪੈਸੇ ਏਅਰਪੋਰਟ ਦੇ ਬਾਹਰ ਦੇਣ ਲਈ ਕਿਹਾ। ਦਿੱਲੀ ਏਅਰਪੋਰਟ ਪਹੁੰਚ ਕੇ ਜਦੋਂ ਉਨ੍ਹਾਂ ਨੇ ਕਥਿਤ ਦੋਸ਼ੀਆਂ ਨਾਲ ਸੰਪਰਕ ਕੀਤਾ ਤਾਂ ਪਹਿਲਾਂ ਤਾਂ ਉਹ ਟਾਲਮਟੋਲ ਕਰਦੇ ਰਹੇ ਅਤੇ ਬਾਅਦ ਵਿਚ ਫੋਨ ਬੰਦ ਕਰ ਲਿਆ। ਇਸ ਦੇ ਬਾਅਦ ਰਾਮਪੁਰਾ ਆ ਕੇ ਜਦੋਂ ਉਨ੍ਹਾਂ ਨੇ ਫੋਨ ਉੱਤੇ ਸੁਨੀਤਾ ਨਾਲ ਗੱਲ ਕੀਤੀ ਤਾਂ ਉਸਨੇ ਕੈਨੇਡਾ ਭੇਜਣ ਅਤੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰਦੇ ਹੋਏ ਦੁਬਾਰਾ ਸੰਪਰਕ ਕਰਨ ਉੱਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਸ਼ਿਕਾਇਤ ਮਿਲਣ ਦੇ ਬਾਅਦ ਐਸਐਸਪੀ ਬਠਿੰਡਾ ਵੱਲੋਂ ਮਾਮਲੇ ਦੀ ਜਾਂਚ ਡੀਐੱਸਪੀ ਫੁੂਲ ਨੂੰ ਸੌਂਪੀ ਗਈ। ਜਾਂਚ ਦੇ ਬਾਅਦ ਥਾਣਾ ਸਿਟੀ ਰਾਮਪੁਰਾ 'ਚ ਨਕੋਦਰ ਵਾਸੀ ਸੁਨੀਤਾ, ਰਾਜਵੀਰ ਸਿੰਘ, ਉਸ ਦੀ ਪਤਨੀ ਸੁਮਨ, ਲੜਕੇ ਲੱਕੀ ਅਤੇ ਵਿਸ਼ਾਲ ਤੋਂ ਇਲਾਵਾ ਰਾਜਵੀਰ ਦੇ ਸਾਲੇ ਟਿੱਕਾ, ਉਸ ਦੀ ਪਤਨੀ ਜੋਤੀ ਅਤੇ ਸੁਨੀਤਾ ਦੇ ਬੇਟੇ ਲਵ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।