ਦੀਪਕ ਸ਼ਰਮਾ, ਬਠਿੰਡਾ

ਪਿੰਡ ਦਬੜੀਖਾਨਾ ਦੇ ਇਕ ਵਿਅਕਤੀ ਵੱਲੋਂ ਕਮਲਾ ਨਹਿਰੂ ਕਲੋਨੀ ਦੇ ਵਸਨੀਕ ਇਕ ਵਿਅਕਤੀ ਦੇ ਬੱਚਿਆਂ ਨੂੰ ਬਿਜਲੀ ਬੋਰਡ ਵਿਚ ਨੌਕਰੀ ਦੇਣ ਦੇ ਬਹਾਨੇ 15 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਵਿਅਕਤੀ ਦੀ ਸ਼ਿਕਾਇਤ 'ਤੇ ਮੁਲਜ਼ਮ ਖ਼ਿਲਾਫ਼ ਧੋਖਾਧੜੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਕੈਂਟ ਦੇ ਸਹਾਇਕ ਥਾਣੇਦਾਰ ਪੇ੍ਮ ਕੁਮਾਰ ਅਨੁਸਾਰ ਤਰੁਣ ਕੁਮਾਰ ਵਾਸੀ ਕਮਲਾ ਨਹਿਰੂ ਕਾਲੋਨੀ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਵਿਭਾਗ ਵਿਚ ਨੌਕਰੀ ਲਵਾਉਣਾ ਚਾਹੁੰਦਾ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਕੁਲਵਿੰਦਰ ਸਿੰਘ ਵਾਸੀ ਦਬੜੀਖਾਨਾ ਨਾਲ ਹੋਈ। ਪੀੜਤ ਅਨੁਸਾਰ ਕੁਲਵਿੰਦਰ ਸਿੰਘ ਨੇ ਦੱਸਿਆ ਸੀ ਕਿ ਉਸ ਦੀ ਸਰਕਾਰ ਦੇ ਵਿਚ ਚੰਗੀ ਪਹੁੰਚ ਹੈ, ਇਸ ਲਈ ਉਹ ਕਈ ਨੌਜਵਾਨਾਂ ਨੂੰ ਨੌਕਰੀਆਂ 'ਤੇ ਲਵਾ ਚੁੱਕਾ ਹੈ। ਪੀੜਤਾ ਅਨੁਸਾਰ ਉਕਤ ਵਿਅਕਤੀ ਨੇ ਦੱਸਿਆ ਕਿ ਉਹ ਉਸਦੇ ਬੱਚਿਆਂ ਨੂੰ ਬਿਜਲੀ ਬੋਰਡ ਵਿਚ ਨੌਕਰੀ 'ਤੇ ਰਖਵਾਂ ਦੇਵੇਗਾ, ਜਿਸ ਕਾਰਨ ਕੁਝ ਰੁਪਏ ਖਰਚਣੇ ਪੈਣਗੇ। ਪੀੜਤ ਨੇ ਦੱਸਿਆ ਕਿ ਉਕਤ ਵਿਅਕਤੀ ਦੀਆਂ ਗੱਲਾਂ ਦੇ ਝਾਂਸੇ ਵਿਚ ਆ ਕੇ ਉਸ ਨੇ ਉਕਤ ਵਿਅਕਤੀ ਨੂੰ ਪੰਦਰਾਂ ਲੱਖ ਰੁਪਏ ਦੇ ਦਿੱਤੇ ਪਰ ਉਸ ਨੇ ਨਾ ਤਾਂ ਨੌਕਰੀ ਲਵਾਈ ਅਤੇ ਨਾ ਹੀ ਰੁਪਏ ਵਾਪਸ ਕੀਤੇ। ਇਸ ਤਰ੍ਹਾਂ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਕੁਲਵਿੰਦਰ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।