ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਗਿਣਤੀ ਵਧਣ ਲੱਗੀ ਹੈ। ਐਤਵਾਰ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਕੋਵਿਡ ਸੈਂਟਰ ਵੱਲੋਂ ਜਾਰੀ ਰਿਪੋਰਟ ਅਨੁਸਾਰ ਜ਼ਿਲ੍ਹੇ 'ਚ 10 ਜਣੇ ਕੋਰੋਨਾ ਪਾਜ਼ੇਟਿਵ ਮਿਲੇ ਹਨ, ਜਦੋਂਕਿ 18 ਲੋਕਾਂ ਦੀ ਰਿਪੋਰਟ ਨੈਗੇਟਿਵ ਅਤੇ ਦੋ ਦੀ ਸ਼ੱਕੀ ਮਿਲੀ ਹੈ, ਜਿਨ੍ਹਾਂ ਦੇ ਸੈਂਪਲ ਦੁਆਰਾ ਲੈ ਕੇ ਜਾਂਚ ਦੇ ਲਈ ਭੇਜੇ ਜਾਣਗੇ। ਇਸ ਤਰ੍ਹਾਂ ਲਗਾਤਾਰ ਕੋਰੋਨਾ ਪਾਜ਼ੇਟਿਵ ਆ ਰਹੀਆਂ ਰਿਪੋਰਟਾਂ ਦੇ ਨਾਲ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਸਿਰਦਰਦੀ ਵੀ ਵਧਦੀ ਜਾ ਰਹੀ ਹੈ। ਇਸ ਦੇ ਚੱਲਦਿਆਂ ਪੁਲਿਸ ਮੁਲਾਜ਼ਮਾਂ ਵੱਲੋਂ ਕੁਝ ਜਗ੍ਹਾ 'ਤੇ ਮਾਸਕ ਵੀ ਵੰਡੇ ਜਾ ਰਹੇ ਹਨ। ਬੀਬੀ ਵਾਲਾ ਰੋਡ 'ਤੇ ਪੁਲਿਸ ਮੁਲਾਜ਼ਮ ਹੌਲਦਾਰ ਗੁਰਜੰਟ ਸਿੰਘ ਤੇ ਏਐੱਸਆਈ ਜਸਕਰਨ ਸਿੰਘ ਮਾਸਕ ਵੰਡਦੇ ਹੋਏ ਦਿਖੇ।

ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਐਤਵਾਰ ਨੂੰ ਪੰਜ ਅੌਰਤ ਤੇ ਪੰਜ ਮਰਦ ਕੋਰੋਨਾ ਪਾਜ਼ੇਟਿਵ ਮਿਲੇ ਹਨ, ਜਿਸ 'ਚ ਬਠਿੰਡਾ ਸੈਨਿਕ ਛਾਉਣੀ ਵਿਚ ਤਿੰਨ, ਹੋਮਲੈਂਡ ਇਨਕਲੇਵ ਕਾਲੋਨੀ 'ਚ ਦੋ ਪਾਜ਼ੇਟਿਵ ਮਰੀਜ਼ ਮਿਲੇ ਹਨ, ਜਦੋਂਕਿ ਗੁਰੂ ਰਵਿਦਾਸ ਨਗਰ ਵਿਚ ਇਕ, ਸਰਕਾਰੀ ਰਿਜਨਲ ਪਾਲੀਟੈਕਨਿਕ ਕਾਲਜ ਵਿਚ ਇਕ, ਪੋਸਟ ਆਿਫ਼ਸ 'ਚ ਇਕ, ਪਰਸ ਰਾਮ ਨਗਰ ਵਿਚ ਇਕ ਤੇ ਏਅਰਫ਼ੋਰਸ ਸਟੇਸ਼ਨ ਭਿਸੀਆਣਾ 'ਚ ਇਕ ਮਰੀਜ਼ ਕੋਰੋਨਾ ਪਾਜ਼ੇਟਿਵ ਮਿਲਿਆ ਹੈ। ਿਫ਼ਲਹਾਲ ਸਿਹਤ ਵਿਭਾਗ ਨੇ ਸਾਰਿਆਂ ਨੂੰ ਹੋਮ ਆਈਸੋਲੇਟ ਕਰ ਦਿੱਤਾ ਹੈ। ਉਧਰ, ਕੋਰੋਨਾ ਦੇ ਕੇਸ 'ਚ ਲਗਾਤਾਰ ਇਜ਼ਾਫਾ ਹੋਣ ਦੇ ਬਾਵਜੂਦ ਨਾ ਤਾਂ ਸਰਵਜਨਕ ਸਥਾਨਾਂ 'ਤੇ ਸਖ਼ਤੀ ਕੀਤੀ ਜਾ ਰਹੀ ਹੈ ਤੇ ਨਾ ਹੀ ਵਿੱਦਿਅਕ ਸੰਸਥਾਵਾਂ 'ਚ ਸਖਤੀ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਕਾਰਨ ਕੋਰੋਨਾ ਬੇਲਗ਼ਾਮ ਹੁੰਦਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਸ਼ਨੀਚਰਵਾਰ ਤਕ 1 ਲੱਖ 43 ਹਜ਼ਾਰ 574 ਲੋਕਾਂ ਦੇ ਕੋਰੋਨਾ ਸੈਂਪਲ ਲਏ ਜਾ ਚੁੱਕੇ ਹਨ, ਜਿਸ ਵਿਚ 11 ਹਜ਼ਾਰ 247 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਮਿਲ ਚੱਕੀ ਹੈ, ਜਦੋਂਕਿ 10 ਹਜ਼ਾਰ 479 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਇਸ ਦੇ ਇਲਾਵਾ 256 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਵਿਚ ਹੁਣ 91 ਕੋਰੋਨਾ ਮਰੀਜ਼ ਐਕਟਿਵ ਹਨ, ਜਿਸ 'ਚ 51 ਹੋਮ ਆਈਸੋਲੇਟ ਹਨ।