ਦੀਪਕ ਸ਼ਰਮਾ,, ਬਠਿੰਡਾ :

ਮੰਗਲਵਾਰ ਬਾਅਦ ਦੁਪਹਿਰ ਸਥਾਨਕ ਪ੍ਰਤਾਪ ਨਗਰ ਦੀ ਗਲੀ ਨੰਬਰ ਸੱਤ ਦੇ ਵਿਚ ਇਕ ਬੰਦ ਕਮਰੇ ਵਿਚੋਂ ਨੌਜਵਾਨ ਦੀ ਗਲੀ ਸੜੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਤਕ ਨੌਜਵਾਨ ਦੀ ਪਛਾਣ ਹੈਰੀ ਪੁੱਤਰ ਬਬਲੀ ਵਜੋਂ ਹੋਈ ਹੈ। ਉਕਤ ਨੌਜਵਾਨ ਆਪਣੇ ਪਿਤਾ ਦੇ ਨਾਲ ਹਲਵਾਈ ਦਾ ਕੰਮ ਕਰਦਾ ਸੀ। ਉਕਤ ਨੌਜਵਾਨ ਦੀ ਮੌਤ ਦੋ ਜਾਂ ਤਿੰਨ ਦਿਨ ਪਹਿਲਾਂ ਹੋਈ ਜਾਪਦੀ ਹੈ ਕਿਉਂਕਿ ਲਾਸ਼ ਬੁਰੀ ਤਰਾਂ੍ਹ ਗਲ ਚੁੱਕੀ ਸੀ ਤੇ ਉਸ ਵਿਚੋਂ ਕਾਫੀ ਬਦਬੂ ਆ ਰਹੀ ਸੀ। ਸ਼ੱਕ ਪੈਣ 'ਤੇ ਗੁਆਂਢ ਵਿਚ ਰਹਿੰਦੇ ਲੋਕਾਂ ਨੇ ਇਸ ਦੀ ਸੂਚਨਾ ਸਮਾਜ ਸੇਵੀ ਸੰਸਥਾ ਸ੍ਰੀ ਹਨੂੰਮਾਨ ਸੇਵਾ ਸੰਮਤੀ ਨੂੰ ਦਿੱਤੀ। ਸੰਮਤੀ ਦੇ ਮੈਂਬਰ ਤਰਸੇਮ ਗਰਗ ਅਤੇ ਸੁਭਾਸ਼ ਅਰੋੜਾ ਨੇ ਮੌਕੇ 'ਤੇ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਕੈਨਾਲ ਕਾਲੋਨੀ ਦੇ ਐਸਐਚਓ ਭੁਵਨੇਸ਼ਵਰ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਅੰਦਰ ਇਕ ਨੌਜਵਾਨ ਦੀ ਲਾਸ਼ ਪਈ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਕੇ ਮੌਤ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗਲੀ ਵਿਚ ਰਹਿਣ ਵਾਲੇ ਲੋਕਾਂ ਦੇ ਅਨੁਸਾਰ ਉਕਤ ਕਮਰੇ ਵਿਚ ਰਹਿਣ ਵਾਲੇ ਪਿਓ ਪੁੱਤ ਹਲਵਾਈ ਦਾ ਕੰਮ ਕਰਦੇ ਸਨ। ਮਿ੍ਤਕ ਦਾ ਪਿਤਾ ਕੁਝ ਦਿਨ ਪਹਿਲਾਂ ਹੀ ਕੰਮ ਦੇ ਸਬੰਧ ਵਿਚ ਬਾਹਰ ਗਿਆ ਹੋਇਆ ਸੀ ਤੇ ਕਮਰਾ ਤਿੰਨ ਚਾਰ ਦਿਨ ਤੋਂ ਬੰਦ ਸੀ। ਇਸ ਸਬੰਧੀ ਐਸਐਚਓ ਗਣੇਸ਼ਵਰ ਕੁਮਾਰ ਨੇ ਦੱਸਿਆ ਕਿ ਡਾਕਟਰਾਂ ਦਾ ਬੋਰਡ ਬਣਾ ਕੇ ਪੋਸਟਮਾਰਟਮ ਕਰਵਾਇਆ ਜਾਏਗਾ ਤਾਂ ਕਿ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇ।