ਬਟਾਲਾ/ਕਾਲਾ ਅਫਗਾਨਾ : ਪਿੰਡ ਵੀਲਾ ਤੇਜਾ ਦੇ ਇਕ ਨੌਜਵਾਨ ਦੀ ਦੁਬਈ ਤੋਂ ਵੀਡੀਓ ਵਾਇਰਲ ਹੋਈ ਹੈ। ਨੌਜਵਾਨ ਹੀਰਾ ਸਿੰਘ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਦੇ ਅਧੀਨ ਪੈਂਦੇ ਪਿੰਡ ਵੀਲਾ ਤੇਜਾ ਦਾ ਰਹਿਣ ਵਾਲਾ ਹੈ। ਹੀਰਾ ਸਿੰਘ ਨੇ ਸਾਲ 2018 ਦਸੰਬਰ ਵਿਚ ਜਲੰਧਰ ਤੇ ਕਪੂਰਥਲਾ ਦੇ ਏਜੰਟ ਨੂੰ 1 ਲੱਖ 80 ਹਜ਼ਾਰ ਰੁਪਏ ਦੇ ਕੇ ਵਿਜ਼ਟਰ ਵੀਜ਼ਾ ਲਗਵਾਇਆ ਸੀ। ਦੁਬਈ ਪਹੁੰਚਣ 'ਤੇ ਹੀਰਾ ਸਿੰਘ ਨੂੰ ਹੋਰਨਾਂ ਨੌਜਵਾਨਾਂ ਨਾਲ ਇਕ ਕਮਰੇ 'ਚ ਕੈਦ ਕਰ ਦਿੱਤਾ ਗਿਆ। ਜਿਥੇ ਉਨ੍ਹਾਂ ਨੂੰ ਕੇਵਲ ਇੱਕ ਡੰਗ ਦੀ ਰੋਟੀ 'ਤੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਵੀਡੀਓ ਰਾਹੀਂ ਹੀਰਾ ਸਿੰਘ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਉਨ੍ਹਾਂ ਨੂੰ ਘਰ ਵਾਪਸ ਲਿਆਉਣ ਦੀ ਗੁਹਾਰ ਲਗਾਈ ਹੈ।

ਜ਼ਿਕਰਯੋਗ ਹੈ ਕਿ ਹੀਰਾ ਸਿੰਘ ਦੇ ਭੂਆ ਦੇ ਲੜਕੇ ਸਤਨਾਮ ਸਿੰਘ ਨੇ ਜਲੰਧਰ ਦੇ ਏਜੰਟ ਗੁਰਦਿਆਲ ਸਿੰਘ ਤੇ ਕਪੂਰਥਲਾ ਦੇ ਗੋਸ਼ਾ ਨਾਲ ਹੀਰਾ ਸਿੰਘ ਦੀ ਮੁਲਾਕਾਤ ਕਰਵਾਈ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੀਰਾ ਸਿੰਘ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਏਜੰਟ ਨੇ ਉਸ ਦੇ ਪਤੀ ਤੋਂ ਇਕ ਮਹੀਨੇ ਦੇ ਵਿਜ਼ਟਰ ਵੀਜ਼ਾ ਲਈ 1 ਲੱਖ 80 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਘਰ ਦਾ ਕੁਝ ਕੀਮਤੀ ਸਮਾਨ ਵੇਚ ਕੇ ਉਨ੍ਹਾਂ ਏਜੰਟ ਨੂੰ ਪੈਸੇ ਦਿੱਤੇ ਸਨ। ਹੀਰਾ ਸਿੰਘ 20 ਦਸੰਬਰ ਨੂੰ ਦੁਬਈ ਪਹੁੰਚਿਆ ਅਤੇ ਸ਼ਾਮ ਨੂੰ ਫੋਨ 'ਤੇ ਉਸ ਦੀ ਹੀਰਾ ਸਿੰਘ ਨਾਲ ਗੱਲਬਾਤ ਵੀ ਹੋਈ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਹੀਰਾ ਸਿੰਘ ਨੂੰ ਇਕ ਕਮਰੇ ਵਿਚ ਕੈਦ ਕਰ ਦਿੱਤਾ ਗਿਆ। ਵਾਇਰਲ ਵੀਡੀਓ ਰਾਹੀਂ ਹੀਰਾ ਸਿੰਘ ਨੇ ਦੱਸਿਆ ਕਿ ਏਜੰਟ ਨੇ ਉਸ ਨੂੰ ਦੁਬਈ 'ਚ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਸੀ ਪਰ ਨੌਕਰੀ ਦੇਣ ਦੇ ਬਜਾਏ ਉਸ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਉਸ ਨੇ ਦੱਸਿਆ ਕਿ 26 ਜਨਵਰੀ ਨੂੰ ਉਸ ਦਾ ਵੀਜ਼ਾ ਖ਼ਤਮ ਹੋ ਰਿਹਾ ਹੈ। ਉਸ ਤੋਂ ਬਾਅਦ ਇੱਥੋਂ ਦੇ ਕਾਨੂੰਨ ਮੁਤਾਬਕ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਮਾਂ ਨੇ ਲਾਈ ਵਿਦੇਸ਼ ਮੰਤਰੀ ਅੱਗੇ ਗੁਹਾਰ

ਹੀਰਾ ਸਿੰਘ ਮਾਂ ਸੁਰਜੀਤ ਕੌਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮੰਗ ਕੀਤੀ ਕਿ ਉਹ ਉਨ੍ਹਾਂ ਦੇ ਪੁੱਤਰ ਨੂੰ ਵਾਪਸ ਭਾਰਤ ਲਿਆਉਣ। ਉਨ੍ਹਾਂ ਦੱਸਿਆ ਕਿ ਘਰ ਦਾ ਸਾਰਾ ਗੁਜ਼ਾਰਾ ਉਨ੍ਹਾਂ ਦੇ ਪੁੱਤਰ ਦੇ ਸਿਰ ਤੋਂ ਚੱਲਦਾ ਹੈ। ਹੀਰਾ ਸਿੰਘ ਦਾ ਇਕ ਪੰਜ ਸਾਲ ਪੁੱਤਰ ਵੀ ਹੈ, ਜਦੋਂ ਦਾ ਉਸ ਨੂੰ ਪਤਾ ਲੱਗਾ ਹੈ ਕਿ ਉਸ ਦਾ ਪਿਤਾ ਦੁਬਈ ਵਿਚ ਫਸਿਆ ਹੋਇਆ ਹੈ, ਉਦੋਂ ਦਾ ਉਸਨੇ ਖਾਣਾ ਪੀਣਾ ਛੱਡ ਦਿੱਤਾ ਹੈ।

ਪਹਿਲਾਂ ਵੀ ਦੁਬਈ ਜਾ ਚੁੱਕੈ ਹੀਰਾ ਸਿੰਘ

ਸੁਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਇਸ ਤੋਂ ਪਹਿਲਾਂ ਵੀ ਦੁਬਈ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹੀਰਾ ਸਿੰਘ ਸਾਲ 2015 ਵਿਚ ਦੁਬਈ ਗਿਆ ਸੀ ਅਤੇ 2018 ਵਿਚ ਭਾਰਤ ਵਾਪਸ ਆਇਆ ਸੀ। ਉਨ੍ਹਾਂ ਦੱਸਿਆ ਕਿ ਦਸੰਬਰ ਵਿਚ ਉਹ ਫਿਰ ਦੁਬਈ ਚੱਲਾ ਗਿਆ ਪਰ ਇਸ ਵਾਰ ਉਹ ਵਿਜ਼ਟਰ ਵੀਜ਼ਾ 'ਤੇ ਦੁਬਈ ਗਿਆ ਸੀ।

ਏਜੰਟ ਖ਼ਿਲਾਫ਼ ਹੋਵੇਗੀ ਕਾਰਵਾਈ : ਐੱਸਪੀ

ਇਸ ਸਬੰਧੀ ਐੱਸਪੀ ਇਨਵੈਸਟੀਗੇਸ਼ਨ ਵਿਪਨ ਚੌਧਰੀ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਚੁੱਕਾ ਹੈ। ਜਲਦ ਹੀ ਏਜੰਟ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਲੋਕ ਸਰਕਾਰ ਵੱਲੋਂ ਮਾਨਤਾ ਪ੫ਾਪਤ ਏਜੰਟਾਂ ਕੋਲੋਂ ਹੀ ਆਪਣਾ ਵੀਜ਼ਾ ਲਗਾਉਣ।