ਸੁਖਦੇਵ ਸਿੰਘ, ਬਟਾਲਾ : ਕੈਪਟਨ ਸਰਕਾਰ ਵੱਲੋਂ ਨਸ਼ਿਆਂ ਨੂੰ ਖ਼ਤਮ ਕੀਤੇ ਦਾਅਵੇ ਖੋਖਲੇ ਸਾਬਤ ਹੋ ਗਏ ਹਨ। ਕੈਪਟਨ ਸਰਕਾਰ ਦੇ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਨਸ਼ੇ ਦੀ ਵਿਕਰੀ ਤੇ ਵਰਤੋਂ ਪਹਿਲਾਂ ਵਾਂਗ ਹੀ ਹੈ। ਹਰ ਰੋਜ਼ ਪੰਜਾਬ ਦਾ ਨੌਜਵਾਨ ਨਸ਼ਿਆ ਦੀ ਭੇਟ ਚੜ੍ਹ ਰਿਹਾ ਹੈ। ਇਸੇ ਤਰ੍ਹਾਂ ਨੇੜਲੇ ਪਿੰਡ ਸਦਾਰੰਗ 'ਚ ਨਸ਼ੇ ਦਾ ਟੀਕਾ ਲਗਾਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਮਨਪ੍ਰੀਤ ਸਿੰਘ (24) ਪੁੱਤਰ ਸ਼ਵਿੰਦਰ ਸਿੰਘ ਵਾਸੀ ਪਿੰਡ ਸਦਾਰੰਗ ਵਜੋਂ ਹੋਈ ਹੈ। ਸੂਚਨਾ ਮਿਲਣ 'ਤੇ ਥਾਣਾ ਰੰਗੜ ਨੰਗਲ ਦੇ ਮੁਖੀ ਅਵਤਾਰ ਸਿੰਘ ਪੁਲਿਸ ਪਾਰਟੀ ਸਣੇ ਮੌਕੇ 'ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ।


ਮ੍ਰਿਤਕ ਦੇ ਪਿਤਾ ਸ਼ਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਸ ਦਾ ਮੁੰਡਾ ਮਨਪ੍ਰੀਤ ਸਿੰਘ ਕੰਬਾਈਨ 'ਤੇ ਕੰਮ ਕਰਦਾ ਸੀ ਤੇ ਕੱਲ੍ਹ ਸ਼ਾਮ ਨੂੰ ਹੀ ਕੰਮ ਤੋਂ ਘਰ ਵਾਪਸ ਆਇਆ ਸੀ। ਉਸ ਨੇ ਦੱਸਿਆ ਕਿ ਦੇਰ ਸ਼ਾਮ ਉਹ ਘਰੋਂ ਕਿਧਰੇ ਚਲਾ ਗਿਆ ਤੇ ਰਾਤ ਨੂੰ ਕਰੀਬ ਸਾਢੇ 9 ਵਜੇ ਪਿੰਡ ਦੇ ਹੀ ਕਿਸੇ ਵਿਅਕਤੀ ਨੇ ਦੱਸਿਆ ਕਿ ਉਸ ਦਾ ਲੜਕਾ ਪਿੰਡ ਦੇ ਬਾਹਰ ਸੜਕ 'ਤੇ ਬੇਸੁੱਧ ਹਾਲਤ 'ਚ ਡਿੱਗਿਆ ਪਿਆ ਹੈ। ਉਹ ਤੁਰੰਤ ਮੌਕੇ 'ਤੇ ਪਹੁੰਚੇ ਤਾਂ ਉਸ ਦੇ ਮੁੰਡੇ ਦੀ ਮੌਤ ਹੋ ਚੁੱਕੀ ਸੀ ਤੇ ਸਰਿੰਜ ਉਸ ਦੇ ਕੋਲ ਪਈ ਸੀ। ਥਾਣਾ ਰੰਗੜ ਨੰਗਲ ਦੇ ਮੁਖੀ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਜਾਂਚ ਆਰੰਭ ਦਿੱਤੀ ਹੈ।


ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਨਸ਼ੇ ਦੇ ਸੌਦਾਗਰਾ ਖਿਲਾਫ ਕਾਰਵਾਈ ਦੀ ਲਗਾਈ ਗੁਹਾਰ

ਮ੍ਰਿਤਕ ਦੇ ਪਿਤਾ ਸ਼ਵਿੰਦਰ ਸਿੰਘ ਤੇ ਹੋਰ ਪ੍ਰੀਵਾਰਕ ਮੈਂਬਰਾਂ ਨੇ ਸਰਕਾਰ ਗੁਹਾਰ ਲਗਾਈ ਹੈ ਕਿ ਨਸ਼ੇ ਦੇ ਕਾਰੋਬਾਰ ਕਰ ਰਹੇ ਸੌਦਾਗਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਰ ਰੋਜ਼ ਪੰਜਾਬ ਦਾ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਿਹਾ ਹੈ ਤੇ ਸਰਕਾਰ ਨਸ਼ੇ ਦੇ ਵਪਾਰੀਆਂ ਨੂੰ ਫੜਨ 'ਚ ਨਾਕਾਮਯਾਬ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਅਜੇ ਕੁਆਰਾ ਸੀ ਤੇ ਉਸ ਦਾ ਇਕ ਭਰਾ ਫੌਜ 'ਚ ਨੌਕਰੀ ਕਰਦਾ ਹੈ।

Posted By: Sarabjeet Kaur