ਅਣਪਛਾਤੇ ਵਿਅਕਤੀਆਂ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ’ਤੇ ਕੀਤੀ ਫਾਇਰਿੰਗ
ਫਤਿਹਗੜ੍ਹ ਚੂੜੀਆਂ ਦੇ ਨਜ਼ਦੀਕੀ ਪਿੰਡ ਕਾਦੀਆਂ ਰਾਜਪੂਤਾ ਵਿਖੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਏ 2 ਅਣਪਛਾਤੇ ਵਿਅਕਤੀਆਂ ਵਲੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਅਤੇ ਯੂਥ ਵਿੰਗ ’ਤੇ ਫਾਇਰਿੰਗ ਕਰਦੇ ਹੋਏ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ
Publish Date: Tue, 09 Jun 2026 07:47 PM (IST)
Updated Date: Tue, 09 Jun 2026 07:50 PM (IST)
ਗੈਂਗਸਟਰ ਨਿਸ਼ਾਨ ਜੋੜੀਆਂ ਅਤੇ ਆਦੇਸ਼ ਜਾਮਾਰਾਏ ਨੇ ਲਈ ਜਿੰਮੇਵਾਰੀ
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਅੱਜ ਦੇਰ ਸ਼ਾਮ ਫਤਿਹਗੜ੍ਹ ਚੂੜੀਆਂ ਦੇ ਨਜ਼ਦੀਕੀ ਪਿੰਡ ਕਾਦੀਆਂ ਰਾਜਪੂਤਾ ਵਿਖੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਏ 2 ਅਣਪਛਾਤੇ ਵਿਅਕਤੀਆਂ ਵਲੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਅਤੇ ਯੂਥ ਵਿੰਗ ’ਤੇ ਫਾਇਰਿੰਗ ਕਰਦੇ ਹੋਏ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਜਦਕਿ ਇਸ ਹਮਲੇ ਦੀ ਜਿੰਮੇਵਾਰ ਗੈਂਗਸਟਰ ਨਿਸ਼ਾਨ ਜੋੜੀਆਂ ਅਤੇ ਆਦੇਸ਼ ਜਾਮਾਰਾਏ ਵਲੋਂ ਸੋਸ਼ਲ ਮੀਡੀਆ ’ਤੇ ਪੋਸਟ ਅਪਲੋਡ ਕਰਕੇ ਲਈ ਗਈ ਹੈ। ਇਸ ਘਟਨਾ ਨੂੰ ਲੈ ਕੇ ਇਲਾਕਾ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜ਼ਖਮੀ ਸਰਪੰਚ ਗੁਰਬਿੰਦਰ ਸਿੰਘ ਵਾਸੀ ਕਾਦੀਆਂ ਰਾਜਪੂਤਾ ਨੂੰ ਬਟਾਲਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਸ ਮੌਕੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਬੀਰ ਸਿੰਘ ਪੰਨੂੰ, ਡੀ.ਐੱਸ.ਪੀ ਫਤਿਹਗੜ੍ਹ ਚੂੜੀਆਂ ਅਤੇ ਸੀ.ਆਈ.ਏ ਸਟਾਫ ਬਟਾਲਾ ਦੇ ਇੰਚਾਰਜ ਸੁਖਰਾਜ ਸਿੰਘ ਪੁਲਸ ਪਾਰਟੀ ਸਮੇਤ ਸਿਵਲ ਹਸਪਤਾਲ ਬਟਾਲਾ ਪਹੁੰਚੇ ਅਤੇ ਗੁਰਬਿੰਦਰ ਸਿੰਘ ਤੋਂ ਘਟਨਾ ਦੀ ਜਾਣਕਾਰੀ ਹਾਸਲ ਕੀਤੀ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਫਤਿਹਗੜ੍ਹ ਚੂੜੀਆਂ ਲਲਿਤ ਕੁਮਾਰ ਨੇ ਦੱਸਿਆ ਕਿ ਅੱਜ ਸ਼ਾਮ ਸਮੇਂ ਪਿੰਡ ਕਾਦੀਆਂ ਰਾਜਪੂਤਾ ਦੇ ਸਰਪੰਚ ਗੁਰਬਿੰਦਰ ਸਿੰਘ ਆਪਣੇ ਚਾਚਾ ਦੇ ਘਰ ਗਏ ਸਨ ਅਤੇ ਜਦ ਉਹ ਘਰ ਤੋਂ ਬਾਹਰ ਆਏ ਤਾਂ ਮੋਟਰ ਸਾਈਕਲ ਸਵਾਰ 2 ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ ’ਤੇ ਗੋਲੀਆਂ ਚੱਲਾ ਦਿੱਤੀਆਂ ਗਈਆਂ ਜਿਸਦੇ ਚਲਦਿਆਂ ਗੁਰਬਿੰਦਰ ਸਿੰਘ ਦੇ ਪੈਰ ’ਚ ਦੋ ਗੋਲੀਆਂ ਲੱਗ ਗਈਆਂ ਅਤੇ ਉਹ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਪਰਿਵਾਰਿਕ ਮੈਂਬਰਾਂ ਵਲੋਂ ਗੁਰਬਿੰਦਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ’ਚ ਦਾਖਲ ਕਰਵਾਇਆ ਗਿਆ ਹੈ ਜਿਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਡੀ.ਐੱਸ.ਪੀ ਨੇ ਕਿਹਾ ਕਿ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।