ਰਣਜੀਤ ਸਿੰਘ ਬਾਵਾ, ਘੁਮਾਣ : ਘੁਮਾਣ ਦੇ ਨਜ਼ਦੀਕ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੋ ਜਣਿਆ ਦੀ ਮੌਤ ਅਤੇ ਇੱਕ ਔਰਤ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਘੁਮਾਣ ਦੇ ਮੁਖੀ ਗੁਰਦੇਵ ਸਿੰਘ ਨੇ ਦੱਸਿਆ ਕਿ ਭੁਪਿੰਦਰ ਕੁਮਾਰ ਸੋਨੂੰ ਪੁੱਤਰ ਲਖਵਿੰਦਰ ਪਾਲ ਵਾਸੀ ਢਿੱਲਵਾਂ ਉਸ ਦੀ ਨਾਨੀ ਆਸ਼ਾ ਰਾਣੀ ਪਤਨੀ ਕੇਵਲ ਕਿ੍ਸ਼ਨ ਵਾਸੀ ਪੰਡੋਰੀ ਅਤੇ ਭੁਪਿੰਦਰ ਕੁਮਾਰ ਦੀ ਮਾਤਾ ਰੀਟਾ ਰਾਣੀ ਆਪਣੇ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋ ਕੇ ਸ੍ਰੀ ਹਰਗੋਬਿੰਦਪੁਰ ਤੋਂ ਵਾਪਸ ਬੁਲੇਟ ਮੋਟਰਸਾਈਕਲ ਨੰਬਰ ਪੀਬੀ09ਏਐੱਚ8506 ’ਤੇ ਸਵਾਰ ਆਪਣੇ ਪਿੰਡ ਢਿੱਲਵਾਂ ਨੂੰ ਜਾ ਰਹੇ ਸਨ ਕਿ ਰਸਤੇ ਸ੍ਰੀ ਹਰਗੋਬਿੰਦਪੁਰ ਮਹਿਤਾ ਰੋਡ ’ਤੇ ਕਸਬਾ ਘੁਮਾਣ ਦੇ ਨਜ਼ਦੀਕ ਬਾਬਾ ਨਾਮਦੇਵ ਯੂਨੀਵਰਸਿਟੀ ਦੇ ਨਜ਼ਦੀਕ ਸਾਹਮਣੇ ਤੋਂ ਆ ਰਹੇ ਤੇਜ ਰਫ਼ਤਾਰ ਅਣਪਛਾਤੇ ਵਾਹਨ ਤੋਂ ਬਚਦੇ ਬਚਾਉਂਦਿਆਂ ਹੋਇਆ ਮੋਟਰਸਾਈਕਲ ਦਰੱਖ਼ਤ ਨਾਲ ਟਕਰਾ ਗਿਆ, ਜਿਸ ਨਾਲ ਭੁਪਿੰਦਰ ਕੁਮਾਰ ਸੋਨੂੰ ਵਾਸੀ ਢਿੱਲਵਾਂ, ਉਸ ਦੀ ਨਾਨੀ ਆਸ਼ਾ ਰਾਣੀ ਵਾਸੀ ਪੰਡੋਰੀ ਅਤੇ ਮਾਤਾ ਰੀਟਾ ਰਾਣੀ ਵਾਸੀ ਢਿੱਲਵਾਂ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਘੁਮਾਣ ਵਿਖੇ ਲਿਆਂਦਾ ਗਿਆ, ਜਿਥੇ ਭੁਪਿੰਦਰ ਕੁਮਾਰ ਸੋਨੂੰ ਅਤੇ ਆਸ਼ਾ ਰਾਣੀ ਦੀ ਮੌਤ ਹੋ ਗਈ। ਰੀਟਾ ਰਾਣੀ ਜੋ ਗੰਭੀਰ ਜ਼ਖ਼ਮੀ ਸੀ, ਉਸ ਨੂੰ ਇਲਾਜ ਲਈ ਬਟਾਲਾ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ, ਜਿਥੇ ਉਹ ਜੇਰੇ ਇਲਾਜ ਹੈ। ਦੱਸਣਯੋਗ ਹੈ ਕਿ ਮਿ੍ਤਕ ਇੱਕੋ ਪ੍ਰੀਵਾਰ ਦੇ ਮੈਂਬਰ ਹਨ। ਪੁਲਿਸ ਵੱਲੋਂ ਮਿ੍ਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਕਰਨ ਲਈ ਬਟਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

Posted By: Jagjit Singh