ਪਵਨ ਤ੍ਰੇਹਨ/ਸਰਵਣ ਸਿੰਘ ਘੁੰਮਣ, ਬਟਾਲਾ : ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਪੈਂਦੇ ਪਿੰਡ ਬੱਜੂਮਾਨ ਦੀ ਵਸਨੀਕ ਬਲਵਿੰਦਰ ਕੌਰ ਪਤਨੀ ਅਜੈਬ ਸਿੰਘ ਨੇ ਦੱਸਿਆ ਕਿ ਉਸ ਦੇ ਪੇਟ 'ਚ ਦਰਦ ਰਹਿੰਦਾ ਸੀ। ਜਿਸ ਦੇ ਇਲਾਜ ਲਈ ਉਹ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਦਸਮੇਸ਼ ਹਸਪਤਾਲ ਜੈਤੀਪੁਰ ਗਏ। ਡਾਕਟਰ ਨੇ ਟੈਸਟ ਕਰਨ ਤੋਂ ਬਾਅਦ ਪੇਟ 'ਚ ਰਸੌਲੀਆਂ ਦੀ ਸ਼ਿਕਾਇਤ ਦੱਸੀ। ਜਿਸ ਤੋਂ ਬਾਅਦ ਡਾਕਟਰ ਵਿਜੇ ਕੁਮਾਰ ਸ਼ਰਮਾ ਨੇ ਬਲਵਿੰਦਰ ਕੌਰ ਦਾ ਆਪ੍ਰੇਸ਼ਨ ਕੀਤਾ। ਪੀੜਤ ਨੇ ਦੱਸਿਆ ਕਿ ਆਪ੍ਰੇਸ਼ਨ ਤੋਂ 6-7 ਦਿਨ ਬਾਅਦ ਟਾਂਕੇ ਆਪਣੇ ਆਪ ਖੁੱਲ੍ਹਣ ਲੱਗ ਪਏ ਤੇ ਜ਼ਖ਼ਮ 'ਚੋਂ ਪੀਕ ਵਗਣ ਲੱਗ ਗਈ। ਉਨ੍ਹਾਂ ਫਿਰ ਡਾਕਟਰ ਨੂੰ ਦਿਖਾਇਆ। ਡਾਕਟਰ ਨੇ ਕਿਹਾ ਕਿ ਬਲਵਿੰਦਰ ਕੌਰ ਦੀ ਚਮੜੀ ਵਿਚ ਖਰਾਬੀ ਹੈ ਤੇ ਉਸ ਨੇ ਦਵਾਈ ਲਿਖ ਕੇ ਦਿੱਤੀ ਤੇ ਕਿਹਾ ਕਿ ਇਹ ਦਵਾਈ ਖਵਾਈ ਜਾਓ ਜ਼ਖ਼ਮ 'ਤੇ ਪੱਟੀ ਕਰਵਾਉਂਦੇ ਰਹੋ। ਮਰਹਮ ਪੱਟੀ ਦਾ ਖ਼ਰਚ ਹਰ ਮਹੀਨੇ 8-9 ਹਜ਼ਾਰ ਰੁਪਏ ਆਉਂਦਾ ਰਿਹਾ। 5-6 ਮਹੀਨੇ ਹਸਪਤਾਲ ਵਾਲੇ ਪੱਟੀਆਂ ਕਰਦੇ ਰਹੇ, ਪਰੰਤੂ ਕੋਈ ਅਰਾਮ ਨਹੀਂ ਮਿਲਿਆ। ਪੀੜਤਾ ਦੇ ਪਤੀ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਬਲਵਿੰਦਰ ਦੀ ਹਾਲਤ ਜ਼ਿਆਦਾ ਖਰਾਬ ਹੁੰਦੀ ਗਈ ਤਾਂ ਉਨ੍ਹਾਂ ਅਮਨ ਹਸਪਤਾਲ ਜੈਤੀਪੁਰ ਇਲਾਜ ਲਈ ਰਾਬਤਾ ਕਾਇਮ ਕੀਤਾ। ਇੱਥੇ ਡਾਕਟਰਾਂ ਨੇ ਦੋਬਾਰਾ ਆਪ੍ਰੇਸ਼ਨ ਕਰਨ ਲਈ ਪੇਟ ਖੋਲ੍ਹਿਆ ਤਾਂ ਪੇਟ 'ਚ ਕੱਪੜਾ ਨਜ਼ਰ ਆਇਆ, ਜੋ ਪਹਿਲਾਂ ਕੀਤੇ ਆਪ੍ਰੇਸ਼ਨ ਦੌਰਾਨ ਪੇਟ ਵਿਚ ਰਹਿ ਗਿਆ ਸੀ। ਅਜੈਬ ਸਿੰਘ ਨੇ ਦੱਸਿਆ ਕਿ ਅਮਨ ਹਸਪਤਾਲ ਜੈਤੀਪੁਰ ਵਾਲਿਆ ਨੇ ਇਸ ਦੀ ਵੀਡੀਓ ਵੀ ਦਿਖਾਈ ਹੈ। ਉਸ ਨੇ ਦੱਸਿਆ ਕਿ ਦਸਮੇਸ਼ ਹਸਪਤਾਲ ਜੈਤੀਪੁਰ ਦੇ ਡਾਕਟਰ ਵਿਜੇ ਕੁਮਾਰ ਸ਼ਰਮਾ ਦੀ ਅਣਗਹਿਲੀ ਕਾਰਨ ਉਸ ਦੀ ਪਤਨੀ ਦਾ ਜ਼ਖ਼ਮ ਖ਼ਰਾਬ ਹੋ ਗਿਆ ਤੇ ਨਾਲ ਹੀ ਉਹ ਕਰਜ਼ੇ ਵਿਚ ਡੁੱਬ ਗਿਆ। ਉਨ੍ਹਾਂ ਬਟਾਲਾ ਦੇ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਦੀ ਫ਼ਰਿਆਦ ਕੀਤੀ ਹੈ।

ਕੀ ਕਹਿੰਦੇ ਹਨ ਅਮਨ ਹਸਪਤਾਲ ਦੇ ਡਾਕਟਰ

ਅਮਨ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਮਰੀਜ਼ ਕੋਲੋਂ ਭਿਆਨਕ ਬਦਬੂ ਆ ਰਹੀ ਸੀ। ਉਨ੍ਹਾਂ ਅਜਿਹਾ ਪਹਿਲਾ ਮਰੀਜ਼ ਦੇਖਿਆ ਸੀ ਜਿਸ ਕਾਰਨ ਉਨ੍ਹਾਂ ਨੇ ਆਪ੍ਰਰੇਸ਼ਨ ਦੌਰਾਨ ਵੀਡੀਓ ਬਣਾਉਣ ਦਾ ਫ਼ੈਸਲਾ ਕੀਤਾ। ਜਿਸ ਤੋਂ ਬਾਅਦ ਸਾਹਮਣੇ ਆਇਆ ਕਿ ਆਪ੍ਰਰੇਸ਼ਨ ਦੌਰਾਨ ਵਰਤਿਆ ਜਾਣ ਵਾਲਾ ਕੱਪੜਾ ਅੰਦਰ ਹੀ ਰਹਿ ਗਿਆ ਸੀ। ਉਨ੍ਹਾਂ ਦੱਸਿਆ ਕਿ ਜ਼ਖ਼ਮ ਹੋਣ ਕਾਰਨ ਗੰਦਗੀ ਬਾਹਰ ਨਿਕਲਦੀ ਰਹੀ, ਨਹੀਂ ਤਾਂ ਏਨਾ ਸਮਾਂ ਮਰੀਜ਼ ਦਾ ਬਚੇ ਰਹਿਣਾ ਸੰਭਵ ਨਹੀਂ ਸੀ।

ਕੀ ਕਹਿੰਦੇ ਹਨ ਡਾ. ਵਿਜੇ ਕੁਮਾਰ ਸ਼ਰਮਾ

ਦਸਮੇਸ਼ ਹਸਪਤਾਲ ਦੇ ਡਾ. ਵਿਜੇ ਕੁਮਾਰ ਸ਼ਰਮਾ ਨਾਲ ਜਦੋਂ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਮਰੀਜ਼ ਕਰੀਬ 3-4 ਸਾਲ ਪਹਿਲਾਂ ਆਇਆ ਸੀ, ਜਿਸ ਦਾ ਆਪ੍ਰਰੇਸ਼ਨ ਡਾ. ਜਸਪਾਲ ਸਿੰਘ ਚੱਠਾ, ਜੋ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਵਿਖੇ ਤਾਇਨਾਤ ਹਨ, ਨੇ ਕੀਤਾ ਸੀ। ਉਪਰੋਕਤ ਘਟਨਾ ਬਾਰੇ ਉਹ ਕੁਝ ਨਹੀਂ ਦੱਸ ਸਕਦੇ। ਜਦੋਂ ਪੁੱਛਿਆ ਗਿਆ ਕਿ ਮਰੀਜ਼ ਨੂੰ ਆਪ੍ਰੇਸ਼ਨ ਦੌਰਾਨ ਬੇਹੋਸ਼ ਕਰਨ ਵਾਲੇ ਮਾਹਿਰ ਡਾਕਟਰ ਕੌਣ ਸਨ ਤਾਂ ਉਨ੍ਹਾਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।

ਕੀ ਕਹਿੰਦੇ ਹਨ ਡਾ. ਜਸਪਾਲ ਸਿੰਘ ਚੱਠਾ

ਇਸ ਸਬੰਧੀ ਗੁਰੂ ਨਾਨਕ ਹਸਪਤਾਲ ਅੰਮਿ੍ਤਸਰ ਦੇ ਸਰਜਨ ਡਾ. ਜਸਪਾਲ ਸਿੰਘ ਚੱਠਾ ਨੇ ਮੰਨਿਆ ਕਿ ਡਾਕਟਰ ਵਿਜੇ ਦੇ ਹਸਪਤਾਲ ਵਿਚ ਉਕਤ ਮਰੀਜ਼ ਦਾ ਆਪ੍ਰੇਸ਼ਨ ਜ਼ਰੂਰ ਕੀਤਾ ਸੀ ਪਰ ਆਪ੍ਰੇਸ਼ਨ ਸਫ਼ਲ ਹੋਇਆ ਸੀ ਤੇ ਸਭ ਠੀਕ ਠਾਕ ਸੀ। ਇਹ ਉਨ੍ਹਾਂ ਨੂੰ ਫਸਾਉਣ ਦੀ ਕੋਈ ਸਾਜ਼ਿਸ਼ ਹੈ।