ਜੇਐੱਨਐੱਨ, ਬਟਾਲਾ (ਗੁਰਦਾਸਪੁਰ) : ਕਾਦੀਆਂ ਥਾਣਾ ਦੇ SHO ਪਰਮਿੰਦਰ ਸਿੰਘ 'ਤੇ ਅਹਿਮਦੀਆ ਜਮਾਤ ਦੇ ਫ਼ਰੀਦ ਨਾਂ ਦੇ ਨੌਜਵਾਨ ਨੂੰ ਥਾਣੇ 'ਚ ਟਾਰਚਰ ਕਰਨ ਦੇ ਦੋਸ਼ ਲੱਗੇ ਹਨ। SHO ਨੇ ਨੌਜਵਾਨ ਨੂੰ ਧਮਕੀ ਦਿੱਤੀ ਕਿ ਉਸ ਦੀ ਜਮਾਤ ਦੇ ਲੋਕਾਂ ਦੀਆਂ ਲੱਤਾਂ ਵੱਢ ਕੇ ਉਨ੍ਹਾਂ ਨੂੰ ਬਿਆਸ ਨਦੀ 'ਚ ਸੁੱਟ ਕੇ ਪਾਕਿਸਤਾਨ ਭੇਜ ਦਿਆਂਗਾ।

ਮਾਮਲਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਨੋਟਿਸ 'ਚ ਪਹੁੰਚਿਆ ਤਾਂ ਉਨ੍ਹਾਂ ਅਹਿਮਦੀਆ ਜਮਾਤ ਦੇ ਕਾਦੀਆਂ ਸਥਿਤ ਹੈੱਡਕੁਆਰਟਰ 'ਚ ਫੋਨ ਕਰ ਕੇ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ। ਇਸ ਤੋਂ ਬਾਅਦ ਪੁਲਿਸ ਮਹਿਕਮੇ 'ਚ ਭਾਜੜ ਮੱਚ ਗਈ। ਐੱਸਐੱਸਪੀ ਬਟਾਲਾ ਨੇ ਜਾਂਚ ਲਈ ਕਮੇਟੀ ਬਣਾ ਦਿੱਤੀ ਹੈ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤਕ ਵੀ ਮਾਮਲਾ ਪਹੁੰਚ ਗਿਆ ਹੈ। ਕਾਦੀਆਂ ਦੇ ਲੱਕੜੀ ਦੇ ਕਾਰੀਗਰ ਫ਼ਰੀਦ ਨੂੰ ਪੁਲਿਸ ਦੇਰ ਰਾਤ ਉਸ ਦੇ ਘਰੋਂ ਚੁੱਕ ਕੇ ਥਾਣੇ ਲੈ ਗਈ ਸੀ।

ਪੀੜਤ ਫ਼ਰੀਦ ਨੇ ਦੱਸਿਆ ਕਿ ਫੋਨ 'ਚ ਸਿਗਨਲ ਘੱਟ ਹੋਣ ਕਾਰਨ ਉਹ ਗੱਲ ਕਰਨ ਲਈ ਦਰਵਾਜ਼ੇ ਤੋਂ ਬਾਹਰ ਖੜ੍ਹਾ ਸੀ। ਪੁਲਿਸ ਦੀ ਗੱਡੀ ਰੁਕੀ ਤੇ ਗਾਲ਼ੀ-ਗਲੌਜ ਕਰਦਿਆਂ ਪੁਲਿਸ ਵਾਲੇ ਥੱਪੜ ਮਾਰਨ ਲੱਗੇ। ਦੋਸ਼ ਹੈ ਕਿ SHO ਸਮੇਤ ਸਾਰੇ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ। ਉਸ ਨੂੰ ਜ਼ਬਰਦਸਤੀ ਜੀਪ 'ਚ ਬਿਠਾ ਕੇ ਥਾਣੇ ਲੈ ਗਏ ਤੇ ਉਸ ਨੂੰ ਟਾਰਚਰ ਕੀਤਾ।

ਦੋਸ਼ ਬੇਬੁਨਿਆਦ, ਸ਼ੱਕ ਦੇ ਆਧਾਰ 'ਤੇ ਲਿਆਂਦੇ ਸੀ ਥਾਣੇ : ਐੱਸਐੱਚਓ

ਐੱਸਐੱਚਓ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਦੋਸ਼ ਬੇਬੁਨਿਆਦ ਹਨ। ਨੌਜਵਾਨ ਨੂੰ ਸਿਰਫ਼ ਪੁੱਚਗਿੱਛ ਲਈ ਥਾਣੇ ਲਿਆਏ ਸਨ। ਉੱਥੇ ਉਸ ਨੇ ਦੱਸਿਆ ਕਿ ਉਹ ਮੂਲ ਰੂਪ 'ਚ ਹੈਦਰਾਬਾਦ ਦਾ ਰਹਿਣ ਵਾਲਾ ਹੈ। ਇੱਥੇ ਲੱਕੜੀ ਦਾ ਕਾਰੀਗਰ ਹੈ। ਦੇਰ ਰਾਤ ਘਰੋਂ ਬਾਹਰ ਖੜ੍ਹਾ ਹੋਣ ਕਾਰਨ ਸ਼ੱਕ ਦੇ ਆਧਾਰ 'ਤੇ ਉਸ ਨੂੰ ਥਾਣੇ ਲਗਾਇਆ ਗਿਆ ਸੀ। ਉਸ ਦੀ ਜਮਾਤ ਦੇ ਲੋਕ ਖ਼ੁਦ ਕਹਿ ਰਹੇ ਹਨ ਕਿ ਉਸ ਨੂੰ ਬਰਾਦਰੀ ਤੋਂ ਬਾਹਰ ਕੱਢਿਆ ਹੋਇਆ ਹੈ।

Posted By: Seema Anand