ਲੋਕੇਸ਼ ਰਿਸ਼ੀ, ਬਟਾਲਾ : ਸੂਬੇ ਦੀ ਸੱਤਾ 'ਤੇ ਕਾਬਜ਼ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ ਨੂੰ 2019 ਦੀਆਂ ਲੋਕ ਸਭਾ ਚੋਣਾਂ ’ਚ ਟੱਕਰ ਦੇਣ ਲਈ ਪੰਜਾਬ ਅੰਦਰ ਨਵੇਂ ਬਣੇ ਧੜੇ ਇਕ ਹੋ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ’ਤੋਂ ਵੱਖ ਹੋ ਕੇ ਆਪਣੀ ਨਵੀਂ ਪਾਰਟੀ ਅਕਾਲੀ ਦਲ ਟਕਸਾਲੀ ਬਣਾ ਚੁੱਕੇ ਸੇਵਾ ਸਿੰਘ ਸੇਖਵਾਂ ਨੇ ਉਸ ਵੇਲੇ ਕੀਤਾ ਜਦੋਂ ਉਹ ਹਲਕਾ ਕਾਦੀਆਂ ਦੇ ਪਿੰਡ ਖੁੰਡੀ ਦੀ ਮੁੜ ਤੋਂ ਚੁਣੀ ਗਈ ਇਕ ਸਰਪੰਚ ਨੂੰ ਵਧਾਈ ਦੇਣ ਉਨ੍ਹਾਂ ਦੇ ਘਰ ਪਹੁੰਚੇ। ਨਾਲ ਹੀ ਉਨ੍ਹਾਂ ਭਗਵੰਤ ਮਾਨ, ਸੁਖਪਾਲ ਖਹਿਰਾ ਅਤੇ ਬੈਂਸ ਭਰਾਵਾਂ ਵੱਲੋਂ ਟਕਸਾਲੀ ਅਕਾਲੀ ਆਗੂ ਬ੍ਰਹਮਪੁਰਾ ਨਾਲ ਮੁਲਾਕਾਤ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੂਬੇ ਨੂੰ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਮੱਕੜ ਜਾਲ ਵਿੱਚੋਂ ਮੁਕਤ ਕਰਾਉਣ ਲਈ ਸੂਬੇ ਅੰਦਰ ਬਣੇ ਨਵੇਂ ਸੰਗਠਨਾਂ ਦਾ ਇਕ ਹੋ ਕੇ ਲੜਨਾ ਮੌਜੂਦਾ ਸਮੇਂ ਦੀ ਲੋੜ ਹੈ।

ਸੇਖਵਾਂ ਨੇ ਕਿਹਾ ਕਿ ਉਨ੍ਹਾਂ ਨਾਲ ਨਵੇਂ ਬਣੇ ਵੱਖ-ਵੱਖ ਸਿਆਸੀ ਧੜਿਆਂ ਦੇ ਆਗੂ ਲਗਾਤਾਰ ਸੰਪਰਕ ਕਰ ਰਹੇ ਹਨ ਅਤੇ ਇਸੇ ਕਾਰਨ ਭਗਵੰਤ ਮਾਨ ਨੇ ਬ੍ਰਹਮਪੁਰਾ ਨਾਲ ਮੁਲਾਕਾਤ ਕਰ ਕੇ ਇਕੱਠੇ ਲੋਕ ਸਭਾ ਚੋਣਾਂ ਲੜਨ ਦੀ ਗੱਲ ਆਖੀ। ਇਸ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਵੀ ਬ੍ਰਹਮਪੁਰਾ ਨਾਲ ਮਿਲ ਕੇ ਇਕੱਠੇ ਚੋਣਾਂ ਲੜਣ ਦੀ ਗੱਲ ਕਹਿ ਚੁੱਕੇ ਹਨ। ਸੇਖਵਾਂ ਨੇ ਦੱਸਿਆ ਕਿ ਬੈਂਸ ਭਰਾ ਵੀ ਟਕਸਾਲੀ ਅਕਾਲੀ ਅਾਗੂਆਂ ਨਾਲ ਮੁਲਾਕਾਤ ਕਰ ਕੇ ਇਕੱਠੇ ਚੋਣਾਂ ਲੜਨ ਦਾ ਸੁਝਾਅ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਸੋਚਦੇ ਹਨ ਕਿ ਉਕਤ ਸਾਰੇ ਹੀ ਸੰਗਠਨ ਇਕ ਮੰਚ 'ਤੇ ਇਕੱਠੇ ਹੋਣ ਅਤੇ ਇਕੱਠੇ ਚੋਣਾਂ ਲੜਨ ਕਿਉਂਕਿ ਕਾਂਗਰਸ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ/ਭਾਜਪਾ ਹੀ ਸੂਬੇ ਦੀ ਬਿਹਤਰੀ ਲਈ ਕੰਮ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਭਲਾ ਤਾਂ ਹੀ ਹੋ ਸਕਦਾ ਹੈ ਕਿ ਉਕਤ ਸਾਰੇ ਸੰਗਠਨ ਇਕ ਹੋ ਕੇ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਖ਼ਿਲਾਫ਼ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ/ਭਾਜਪਾ ਨੇ ਵਾਰੀ-ਵਾਰੀ ਸੂਬੇ ਦੀ ਸੱਤਾ 'ਤੇ ਕਾਬਜ਼ ਹੋ ਕੇ ਪੰਜਾਬ ਨੂੰ ਤਰੱਕੀ ਦੇ ਰਸਤੇ ਲਿਜਾਣ ਦੀ ਬਜਾਏ ਸਿਰਫ ਕੁੱਟਿਆ ਤੇ ਲੁੱਟਿਆ ਹੈ। ਇਸ ਲਈ ਸੁਬੇ ਅੰਦਰ ਸਾਰੇ ਨਵੇਂ ਬਣੇ ਸੰਗਠਨਾਂ ਦਾ ਇਕ ਹੋ ਕੇ ਕਾਂਗਰਸ ਅਤੇ ਅਕਾਲੀ-ਭਾਜਪਾ ਖ਼ਿਲਾਫ਼ ਲੜਨਾ ਬੇਹੱਦ ਜ਼ਰੂਰੀ ਹੈ ਅਤੇ ਮੌਜੂਦਾ ਸਮੇਂ ਦੀ ਇਸੇ ਮੰਗ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਦੀ ਨਵੀਂ ਬਣੀ ਪਾਰਟੀ ਉਕਤ ਸੰਗਠਨਾਂ ਨਾਲ ਗੱਠਜੋੜ ਕਰਨ 'ਤੇ ਵਿਚਾਰ ਕਰ ਰਹੀ ਹੈ।

Posted By: Seema Anand