ਬਟਾਲਾ - ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਕਿੱਤੇ ਨੂੰ ਲਾਹੇਵੰਦਾ ਬਣਾਉਣ ਲਈ 50 ਕਰੋੜ ਰੁਪਏ ਦੀ ਲਾਗਤ ਨਾਲ ਸੀਮਨ ਸੈਕਸਿੰਗ ਤਕਨੀਕ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਕੱਟੀਆਂ, ਵੱਛੀਆਂ ਪੈਦਾ ਕਰ ਕੇ ਦੁੱਧ ਦੀ ਪੈਦਾਵਾਰ ਵਿਚ ਵਾਧਾ ਕੀਤਾ ਜਾ ਸਕੇ। ਇਸ ਪ੍ਰਾਜੈਕਟ ਨਾਲ ਸੂਬੇ ਵਿਚੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਵੀ ਨਿਜਾਤ ਪਾਈ ਜਾ ਸਕੇਗੀ। ਇਹ ਪ੍ਗਟਾਵਾ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਵਿਭਾਗ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬਟਾਲਾ ਵਿਖੇ ਨੈਸ਼ਨਲ ਲਾਈਵ ਸਟਾਕ ਮਿਸ਼ਨ ਤਹਿਤ ਜੈਨੇਟਿਕ ਇੰਪਰੂਵਮੈਂਟ ਫਾਰ ਸ਼ੀਪ ਐਂਡ ਗੋਟਜ਼ ਪ੍ਰਾਜੈਕਟ ਦੀ ਸ਼ੁਰੂਆਤ ਕਰਦਿਆਂ ਕੀਤਾ।

ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਕਿਸਾਨੀ ਨੂੰ ਸੰਕਟ ਵਿਚੋਂ ਕੱਢਣ ਲਈ ਪਸ਼ੂ ਪਾਲਣ ਵਰਗੇ ਸਹਾਇਕ ਧੰਦਿਆਂ ਨੂੰ ਉਤਸ਼ਾਹਤ ਕਰ ਰਹੀ ਹੈ ਅਤੇ ਅਗਲੇ ਤਿੰਨ ਸਾਲਾਂ ਵਿਚ ਸੂਬੇ ਵਿਚ 25 ਹਜ਼ਾਰ ਨਵੇਂ ਡੇਅਰੀ ਫਾਰਮ ਖੋਲ੍ਹਣ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਉੱਦਮ ਨਾਲ ਜਿਥੇ 25000 ਨਵੇਂ ਕਿਸਾਨ ਡੇਅਰੀ ਫਾਰਮਿੰਗ ਦੇ ਕਿੱਤੇ ਵਿਚ ਆ ਸਕਣਗੇ, ਉੱਥੇ 75 ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਇਸ ਖੇਤਰ ਵਿਚ ਅਸਿੱਧੇ ਤੌਰ 'ਤੇ ਰੁਜ਼ਗਾਰ ਮਿਲੇਗਾ।

ਸਿੱਧੂ ਨੇ ਕਿਹਾ ਕਿ ਬੱਕਰੀ ਪਾਲਣ ਦਾ ਕਿੱਤਾ ਬਹੁਤ ਮੁਨਾਫ਼ੇ ਵਾਲਾ ਤੇ ਇਸ ਦੇ ਵਿਸਥਾਰ ਦੀਆਂ ਅਸੀਮ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਪਸ਼ੂਆਂ ਦੀ ਨਸਲ ਸੁਧਾਰ ਦਾ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਵਧੀਆ ਨਸਲ ਦੇ ਪਸ਼ੂ ਪੈਦਾ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਬਟਾਲਾ ਤੋਂ ਨੈਸ਼ਨਲ ਲਾਈਵ ਸਟਾਕ ਮਿਸ਼ਨ ਤਹਿਤ ਜੈਨੇਟਿਕ ਇੰਪਰੂਵਮੈਂਟ ਫਾਰ ਸ਼ੀਪ ਐਂਡ ਗੋਟਜ਼ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਪੰਜਾਬ ਸਰਕਾਰ 30 ਬੱਕਰੀਆਂ ਦੇ ਯੂਨਿਟ ਪਿੱਛੇ ਉੱਤਮ ਨਸਲ ਦੇ ਬੱਕਰੇ ਸਿਰਫ਼ 200 ਰੁਪਏ ਫੀਸ ਲੈ ਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਵੱਲੋਂ 20 ਕਿਸਾਨਾਂ ਨੂੰ 200 ਰੁਪਏ ਰਜਿਸਟ੍ਰੇਸ਼ਨ ਫੀਸ ਲੈ ਕੇ ਮੁਫ਼ਤ ਵਿਚ ਵਧੀਆ ਕਿਸਮ ਦੇ ਬੱਕਰੇ ਦਿੱਤੇ ਗਏ ਹਨ।