v> ਜੇਐਨਐਨ, ਬਟਾਲਾ : ਬਟਾਲਾ ਵਿਚ ਸ਼ੁੱਕਰਵਾਰ ਦੁਪਹਿਰ 12 ਵਜੇ ਦੇ ਕਰੀਬ ਦੋ ਸਾਂਬਰ ਪਰਜਾਤੀ ਦੇ ਹਿਰਨ ਦਿਖਾਈ ਦਿੱਤੇ। ਸਭ ਤੋਂ ਪਹਿਲਾਂ ਫੈਜਪੁਰਾ ਦੇ ਲੋਕਾਂ ਨੇ ਇਨ੍ਹਾਂ ਨੂੰ ਇਕ ਖੇਤ ਵਿਚ ਦੇਖਿਆ। ਸੂਚਨਾ ਮਿਲਦੇ ਹੀ ਗੁਰਦਾਸਪੁਰ ਦੀ ਜੰਗਲਾਤ ਵਿਭਾਗ ਦੀ ਟੀਮ ਫੜਨ ਲਈ ਰਵਾਨਾ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਂਬਰ ਹਿਮਾਚਲ ਦੇ ਧਨੇਰਾ ਵਿਚ ਸਥਿਤ ਜੰਗਲਾਂ ਵਿਚੋਂ ਆਏ ਹਨ। ਇਸ ਗੱਲ ਦੀ ਜਾਣਕਾਰੀ ਜੰਗਲਾਤ ਵਿਭਾਗ ਦੇ ਸੀਨੀਅਰ ਅਧਿਕਾਰੀ ਅਮਰੀਕ ਸਿੰਘ ਨੇ ਦਿੱਤੀ। ਉਨ੍ਹਾਂ ਮੁਤਾਬਕ ਇਹ ਸਾਂਬਰ ਪਰਜਾਤੀ ਕਿਸੇ ਨੂੰ ਸਰੀਰਕ ਤੌਰ ’ਤੇ ਨੁਕਸਾਨ ਨਹੀਂ ਪਹੁਚੰਦੇ। ਇਨ੍ਹਾਂ ਦਾ ਦਿਲ ਬਹੁਤ ਕਮਜ਼ੋਰ ਹੁੰਦਾ ਹੈ। ਹਾਂ, ਜੇ ਇਹ ਜ਼ਿਆਦਾ ਭੀਡ਼ ਦੇਖ ਲੈਣ ਤਾਂ ਇਨ੍ਹਾਂ ਦੀ ਹਾਰਟਅਟੈਕ ਨਾਲ ਮੌਤ ਵੀ ਹੋ ਸਕਦੀ ਹੈ। ਉਧਰ ਸਥਾਨਕ ਲੋਕਾਂ ਨੇ ਇਸ ਹਿਰਨ ਨੂੰ ਦੇਖਿਆ ਤਾਂ ਹੈਰਾਨ ਹੋ ਗਏ। ਜੰਗਲਾਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਹਿਮਾਚਲ ਵਿਚ ਬਰਫਬਾਰੀ ਕਾਰਨ ਇਹ ਮੈਦਾਨੀ ਇਲਾਕਿਆਂ ਵੱਲ ਕੂਚ ਕਰ ਜਾਂਦੇ ਹਨ। ਗੁਰਦਾਸਪੁਰ ਅਧੀਨ ਅਲੀਵਾਲ ਪਿੰਡ ਕੋਲ 12-13 ਏਕੜ ਦਾ ਸੰਘਣਾ ਜੰਗਲ ਹੈ, ਜਿਥੇ ਇਸ ਪਰਜਾਤੀ ਦੇ ਲਗਪਗ 100 ਤੋਂ ਜ਼ਿਆਦਾ ਸਾਂਬਰ ਪਰਜਾਤੀ ਦੇ ਹਿਰਨ ਰਹਿੰਦੇ ਹਨ।

Posted By: Tejinder Thind