ਪਵਨ ਤੇ੍ਹਨ, ਬਟਾਲਾ : ਬਟਾਲਾ-ਸ੍ਰੀ ਹਰਗੋਬਿੰਦਪੁਰ ਰੋਡ ’ਤੇ ਪਿੰਡ ਉਧਨਵਾਲ ਨੇੜੇ ਮੋਪਿਡ ’ਤੇ ਜਾ ਰਹੀਆਂ ਮਾਂ-ਧੀ ਕੋਲੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਔਰਤ ਮੋਪਿਡ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਈ ਤੇ ਉਸ ਦੀ ਮੌਤ ਹੋ ਗਈ।

ਜਾਣਕਾਰੀ ਦਿੰਦੇ ਹੋਏ ਜਤਿੰਦਰ ਕੌਰ ਵਾਸੀ ਪਿੰਡ ਧੀਰੋਵਾਲ ਨੇ ਦੱਸਿਆ ਕਿ ਉਹ ਆਪਣੀ ਮਾਂ ਹਰਜਿੰਦਰ ਕੌਰ (50) ਪਤਨੀ ਸਤਨਾਮ ਸਿੰਘ ਨਾਲ ਮੋਪੇਡ ’ਤੇ ਬਟਾਲਾ-ਸ੍ਰੀ ਹਰਗੋਬਿੰਦਪੁਰ ਰੋਡ ’ਤੇ ਜਾ ਰਹੀ ਸੀ। ਜਦੋਂ ਉਹ ਮਹਾਰਾਜਾ ਪੈਲੇਸ ਪਿੰਡ ਸੱਖੋਵਾਲ ਨੇੜੇ ਪਹੁੰਚੀਆਂ ਤਾਂ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਚੱਲਦੀ ਮੋਪੇਡ ਤੋਂ ਉਸ ਦੀ ਮਾਂ ਕੋਲੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਇਕ ਲੁਟੇਰੇ ਨੇ ਦਾਤਰ ਨਾਲ ਵਾਰ ਕੀਤਾ। ਬਚਾਅ ਕਰਦਿਆਂ ਉਸ ਦੀ ਮਾਂ ਮੋਪੇਡ ਤੋਂ ਡਿੱਗ ਪਈ ਤੇ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਲੋਕਾਂ ਦੀ ਮਦਦ ਨਾਲ ਉਧਨਵਾਲ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸ ਨੂੰ ਬਟਾਲਾ ਰੈਫਰ ਕਰ ਦਿੱਤਾ ਪਰ ਰਸਤੇ ’ਚ ਉਸ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਆਲੇ-ਦੁਆਲੇ ਦੇ ਲੋਕਾਂ ਨੇ ਲੁਟੇਰਿਆਂ ਨੂੰ ਫੜ ਕੇ ਊਧਨਵਾਲ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਲੁਟੇਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਚੌਕੀ ਇੰਚਾਰਜ ਬਲਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ। ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਮਿ੍ਤਕ ਦੀ ਲੜਕੀ ਸਤਿੰਦਰ ਕੌਰ ਦੇ ਬਿਆਨਾਂ ’ਤੇ ਉਕਤ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Posted By: Jagjit Singh