ਲੋਕੇਸ਼ ਰਿਸ਼ੀ, ਬਟਾਲਾ : ਸੋਮਵਾਰ ਸਵੇਰੇ ਨਗਰ ਕੌਂਸਲ ਬਟਾਲਾ ਦੇ ਈਓ ਵਲੋਂ ਆਪਣੇ ਕਰਮਚਾਰੀ ਨੂੰ ਨਾਲ ਲੈ ਕੇ ਸਥਾਨਕ ਗਾਂਧੀ ਚੌਕ ਵਿਖੇ ਦੁਕਾਨਦਾਰਾਂ ਵੱਲੋਂ ਸੜਕ ਕਿਨਾਰੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਗਏ ਜਿਸ ਤੋਂ ਬਾਅਦ ਗੁੱਸੇ ਵਿਚ ਆਏ ਦੁਕਾਨਦਾਰਾਂ ਨੇ ਸਥਾਨਕ ਬੱਸ ਅੱਡੇ ਨਜ਼ਦੀਕ ਗੁਜ਼ਰਦੇ ਸਾਰੇ ਰੋਡ ਜਾਮ (Road Jam by batala shopkeepers) ਕਰ ਦਿੱਤੇ ਅਤੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇੱਥੇ ਇਕ ਵਾਰ ਫਿਰ ਬਟਾਲਾ ਅੰਦਰ ਚਲ ਰਹੀ ਸਿਆਸੀ ਅਤੇ ਅਫਸਰਸ਼ਾਹੀ ਵਿਚਾਲੇ ਚੱਲ ਰਹੀ ਖਿੱਚੋਤਾਣ ਉੱਭਰ ਕੇ ਸਾਹਮਣੇ ਆਈ ਹੈ। ਦੁਕਾਨਦਾਰਾਂ ਨੇ ਦੋਸ਼ ਲਾਏ ਕਿ ਬੀਤੇ ਦਿਨ ਉਕਤ ਮਸਲੇ ਸਬੰਧੀ ਨਗਰ ਕੌਂਸਲ ਪ੍ਰਧਾਨ ਵਲੋਂ ਦੁਕਾਨਦਾਰਾਂ ਨਾਲ ਬੈਠਕ ਕਰ ਕੇ ਅਜਿਹੀ ਕੋਈ ਵੀ ਕਾਰਵਾਈ ਨਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਈਓ ਭੁਪਿੰਦਰ ਸਿੰਘ ਨੇ ਪ੍ਰਧਾਨ ਨਰੇਸ਼ ਮਹਾਜਨ ਨੂੰ ਨੀਵਾਂ ਵਿਖਾਉਣ ਲਈ ਉਕਤ ਕਾਰਵਾਈ ਨੂੰ ਕੋਲ ਖਲੋਅ ਕੇ ਅੰਜਾਮ ਦਵਾਇਆ।

ਦੁਕਾਨਦਾਰ ਰਾਮ ਮਲਹੋਤਰਾ ਨੇ ਦੱਸਿਆ ਕਿ ਇਓ ਨਗਰ ਕੋੌਂਸਲ ਬਟਾਲਾ ਵਲੋਂ ਬਿਨਾ ਕਿਸੇ ਜਾਣਕਾਰੀ ਜਾਂ ਨੋਟਿਸ ਦਿੱਤਿਆਂ ਕੌਂਸਲ ਮੁਲਾਜ਼ਮ ਸਮੇਤ ਕਰੀਬ 50 ਦੁਕਾਨਾਂ ਦੀ ਭੰਨਤੋੜ ਕੀਤੀ। ਉਨ੍ਹਾਂ ਦੱਸਿਆ ਕਿ ਹਾਲਾਂਕਿ ਨਗਰ ਕੌਂਸਲ ਪ੍ਰਧਾਨ ਨਰੇਸ਼ ਮਹਾਜਨ ਵਲੋਂ ਬੀਤੇ ਕੱਲ੍ਹ ਗਾਂਧੀ ਚੌਕ ਦੇ ਸਮੂਹ ਦੁਕਾਨਦਾਰਾਂ ਨਾਲ ਮੀਟਿੰਗ ਕਰ ਕੇ ਅਜਿਹੀ ਕੋਈ ਵੀ ਕਾਰਵਾਈ ਅਮਲ ਵਿਚ ਨਾ ਲਿਆਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਈਓ ਭੁਪਿੰਦਰ ਸਿੰਘ ਨੇ ਨਰੇਸ਼ ਮਹਾਜਨ ਖ਼ਿਲਾਫ਼ ਜਾਂਦਿਆਂ ਸਵੇਰੇ 5 ਵਜੇ ਆਪਣੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਦੁਕਾਨਾਂ ਦੇ ਬਾਹਰ ਲੱਗੇ ਸ਼ੈੱਡ ਪੁੱਟ ਸੁੱਟੇ।

ਦੁਕਾਨਦਾਰਾਂ ਨੇ ਦੱਸਿਆ ਕਿ ਨਗਰ ਕੌਂਸਲ ਅਧਿਕਾਰੀਆਂ ਵਲੋਂ ਅੰਜਾਮ ਦਿੱਤੀ ਗਈ ਉਕਤ ਕਾਰਵਾਈ ਨਾਲ ਜਿਥੇ ਆਮ ਦੁਕਾਨਦਾਰਾਂ ਦਾ ਮਾਲੀ ਨੁਕਸਾਨ ਹੋਇਆ ਹੈ ਉੱਥੇ ਹੀ ਬਿਨਾਂ ਕਿਸੇ ਯੋਜਨਾ ਤੋਂ ਜਲਦਬਾਜ਼ੀ 'ਚ ਕੀਤੀ ਗਈ ਇਸ ਕਾਰਵਾਈ ਕਰਨ ਨਾਲ ਬਹੁਤ ਸਾਰੀਆਂ ਦੁਕਾਨਾਂ ਦੇ ਲੈਂਟਰ ਹਿਲ ਗਏ ਹਨ।