Road Accident in Batala due to Dense Fog : ਜੇਐੱਨਐੱਨ, ਬਟਾਲਾ : ਪਿੰਡ ਸ਼ੇਖੂਪੁਰ ਨੇੜੇ ਬਟਾਲਾ-ਪਠਾਨਕੋਟ ਹਾਈਵੇ 'ਤੇ ਧੁੰਦ ਦੀ ਵਜ੍ਹਾ ਨਾਲ ਇਕ ਜ਼ਬਰਦਸਤ ਸੜਕ ਹਾਦਸਾ ਵਾਪਰਿਆ। ਹਾਦਸਾ ਸ਼ੁੱਕਰਵਾਰ ਸਵੇਰੇ ਸਾਢੇ ਛੇ ਵਜੇ ਹੋਇਆ। ਪੰਜ ਕਿੱਲੋਮੀਟਰ ਤਕ ਹਾਈਵੇ 'ਤੇ ਵੱਡੀ ਗਿਣਤੀ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ। ਹਾਦਸੇ 'ਚ ਪੰਜ ਲੋਕ ਜ਼ਖ਼ਮੀ ਹੋਏ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਜ਼ਖ਼ਮੀਆਂ 'ਚੋਂ ਇਕ ਦੀ ਪਛਾਣ ਪਿੰਡ ਰਾਮਦਿਵਾਲੀ ਹਿੰਦੂਆ ਦੇ ਤੌਰ 'ਤੇ ਹੋਈ, ਜਦਕਿ ਬਾਕੀ ਜ਼ਖ਼ਮੀਆਂ ਦਾ ਪਤਾ ਲਗਾਉਣ ਲਈ ਥਾਣਾ ਸਦਰ ਦੀ ਪੁਲਿਸ ਜਾਂਚ ਵਿਚ ਜੁਟ ਗਈ। ਇਸ ਗੱਲ ਦੀ ਪੁਸ਼ਟੀ ਥਾਣਾ ਸਦਰ ਅਧੀਨ ਚੌਕੀ ਸ਼ੇਖੂਪੁਰ ਦੇ ਏਐੱਸਆਈ ਵਿਜੈ ਕੁਮਾਰ ਨੇ ਕੀਤੀ। ਪੁਲਿਸ ਮੁਤਾਬਿਕ ਜਾਮ ਹਟਾਉਣ 'ਚ ਉਨ੍ਹਾਂ ਨੂੰ ਲਗਪਗ ਢਾਈ ਘੰਟਿਆਂ ਦਾ ਸਮਾਂ ਲੱਗ ਗਿਆ। ਇਸ ਦੌਰਾਨ ਟ੍ਰੈਫਿਕ 'ਚ ਅੜਿੱਕਾ ਨਾ ਪਵੇ, ਇਸ ਦੇ ਲਈ ਉਲਟ ਸਾਈਡ 'ਤੇ ਵਾਹਨ ਚਾਲਕ ਕਾਫੀ ਪਰੇਸ਼ਾਨ ਰਹੇ, ਜਿਨ੍ਹਾਂ ਨੂੰ ਆਪਣੀ ਮੰਜ਼ਿਲ ਤਕ ਪਹੁੰਚਣ 'ਚ ਕਾਫ਼ੀ ਸਮਾਂ ਲੱਗਿਆ।

ਦੱਸਿਆ ਜਾ ਰਿਹਾ ਹੈ ਕਿ ਪਹਿਲਾ ਹਾਦਸਾ ਪਿੰਡ ਸ਼ੇਖੂਪੁਰ ਦੇ ਮੋੜ ਨੇੜੇ ਹੋਇਆ। ਇੱਥੋਂ ਚਾਰ-ਪੰਜ ਕਾਰਾਂ ਮੁੜਨ ਲੱਗੀਆਂ ਤਾਂ ਸਾਹਮਣਿਓਂ ਆ ਰਹੇ ਇਕ ਟਰੱਕ ਚਾਲਕ ਨੂੰ ਧੁੰਦ ਕਾਰਨ ਅੱਗੇ ਕੁਝ ਨਹੀਂ ਦਿਸਿਆ ਤਾਂ ਸਿੱਧੀ ਕਾਰ 'ਚ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਟਰੱਕ ਪਿੱਛੇ ਬਾਕੀ ਵਹਾਨਾਂ ਤੇ ਕਾਰਾਂ ਦੇ ਪਿੱਛੇ ਚਾਰ-ਪੰਜ ਹੋਰ ਕਾਰਾਂ ਦੀ ਟੱਕਰ ਹੋ ਗਈ। ਪੁਲਿਸ ਮੁਤਾਬਿਕ ਇਸ ਟੱਕਰ 'ਚ ਘੱਟੋ-ਘੱਟ 15 ਤੋਂ 20 ਵਾਹਨ ਨੁਕਸਾਨੇ ਗਏ। ਇਨ੍ਹਾਂ ਵਿਚੋਂ 4-5 ਕਾਰਾਂ ਤੇ ਇਕ ਟਰੱਕ ਬੁਰੀ ਤਰ੍ਹਾਂ ਨੁਕਸਾਨੇ ਗਏ। ਸਵੇਰੇ ਹਾਦਸੇ ਦੀ ਖ਼ਬਰ ਪਹਿਲਾਂ NH-1 ਹਾਈਵੇ ਦੀ ਪੈਟ੍ਰੋਲਿੰਗ ਟੀਮ ਨੂੰ ਮਿਲੀ, ਜਿਸ ਨੇ ਐਂਬੂਲੈਂਸ ਨੂੰ ਸੂਚਿਤ ਕੀਤਾ। ਹਾਈਵੇ ਦੀ ਕ੍ਰੇਨ ਨੇ ਮੌਕੇ 'ਤੇ ਨੁਕਸਾਨੇ ਵਾਹਨਾਂ ਨੂੰ ਉੱਥੋਂ ਹਟਾਇਆ। ਦੱਸਿਆ ਜਾ ਰਿਹਾ ਹੈ ਕਿ ਦੁਪਹਿਰੇ ਇਕ ਵਜੇ ਤਕ ਹਾਈਵੇ ਰੂਟ ਕਲੀਅਰ ਹੋ ਗਿਆ। ਓਧਰ, ਪੁਲਿਸ ਨੇ ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂਕਿ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ ਜਾ ਸਕਣ।

Posted By: Seema Anand