ਬਠਿੰਡਾ, ਨਿਤਿਨ ਸਿੰਗਲਾ : Corona Vaccine : 16 ਜਨਵਰੀ ਤੋਂ ਸ਼ੁਰੂ ਕੀਤੀ ਗਈ ਕੋਰੋਨਾ ਵੈਕਸੀਨ ਟੀਕਾਕਰਨ ਮੁਹਿੰਮ ਤਹਿਤ ਹੋ ਰਹੀ ਵੈਕਸੀਨ ਦੀ ਬਰਬਾਦੀ ਰੋਕਣ ਲਈ ਕੇਂਦਰੀ ਸਿਹਤ ਮੰਤਰਾਲੇ ਨੇ ਸਖ਼ਤ ਨੋਟਿਸ ਲਿਆ ਹੈ। ਪੰਜਾਬ ਦੇ ਸਿਹਤ ਵਿਭਾਗ ਨੇ ਬਰਬਾਦੀ ਹੋਣ ਤੋਂ ਰੋਕਣ ਲਈ ਸਖ਼ਤ ਕਦਮ ਚੁੱਕਣ ਦੇ ਆਦੇਸ਼ ਦਿੱਤੇ ਹਨ ਤੇ ਕਿਹਾ ਹੈ ਕਿ ਦਸ ਲੋਕਾਂ ਨੂੰ ਇਕੱਠੇ ਕਰਨ ਤੋਂ ਬਾਅਦ ਹੀ ਵੈਕਸੀਨ ਦੀ ਵਾਇਲ ਖੋਲ੍ਹੀ ਜਾਵੇ।

ਪੰਜਾਬ ਸਿਹਤ ਵਿਭਾਗ ਦੇ ਸਕੱਤਰ ਨੇ ਵੀ ਸਾਰੇ ਸਿਵਲ ਸਰਜਨਾਂ ਨੂੰ ਇਕ ਪੱਤਰ ਜਾਰੀ ਕਰ ਕੇ ਆਦੇਸ਼ ਦਿੱਤਾ ਹੈ ਕਿ ਤੈਅਸ਼ੁਦਾ ਦਰ ਤੋਂ ਜ਼ਿਆਦਾ ਵੈਕਸੀਨ ਬਰਬਾਦ ਕਰਨ 'ਤੇ ਹਸਪਤਾਲਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਤੇ ਸ਼ੋਕਾਜ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਜਾਵੇ। ਜੇਕਰ ਨਿੱਜੀ ਹਸਪਤਾਲ 'ਚ ਵੈਕਸੀਨ ਦੀ ਬਰਬਾਦੀ ਤੈਅਸ਼ੁਦਾ ਲਿਮਟ ਤੋਂ ਜ਼ਿਆਦਾ ਹੁੰਦੀ ਹੈ ਤਾਂ ਉਸ ਦੀ ਰਿਕਵਰੀ ਹਸਪਤਾਲ ਤੋਂ ਕੀਤੀ ਜਾਵੇ। ਸਿਵਲ ਸਰਜਨ ਆਪਣੇ ਜ਼ਿਲ੍ਹੇ 'ਚ ਨਿੱਜੀ ਹਸਪਤਾਲਾਂ ਦੀ ਪਰਫਾਰਮਸ ਦਾ ਰਿਵਿਊ ਕਰ ਕੇ ਉਸ ਦੀ ਰਿਪੋਰਟ ਸਮੇਂ-ਸਮੇਂ 'ਤੇ ਵਿਭਾਗ ਨੂੰ ਭੇਜੇ।


ਪੰਜਾਬ 'ਚ 13 ਤੋਂ 16 ਫੀਸਦੀ ਕੋਰੋਨਾ ਵੈਕਸੀਨ ਹੋ ਰਹੀ ਬਰਬਾਦ


ਜ਼ਿਕਰਯੋਗ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਹਰ ਰੋਜ਼ 13 ਤੋਂ 16 ਫੀਸਦੀ ਕੋਰੋਨਾ ਵੈਕਸੀਨ ਬਰਬਾਦ ਹੋ ਰਹੀ ਹੈ। ਇਸ ਦਾ ਮੁੱਖ ਕਾਰਨ ਜ਼ਿਆਦਾਤਰ ਹੈਲਥ ਤੇ ਫਰੰਟ ਲਾਈਨ ਵਰਕਰਾਂ ਦਾ ਵੈਕਸੀਨੇਸ਼ਨ ਲਈ ਅੱਗੇ ਨਾ ਆਉਣਾ ਹੈ। ਇਕ ਵਾਰ ਵਾਇਸ ਖੁੱਲ੍ਹਣ ਤੋਂ ਬਾਅਦ ਦਸ ਲੋਕਾਂ ਨੂੰ ਟੀਕਾ ਨਹੀਂ ਲਾਇਆ ਜਾ ਰਿਹਾ ਹੈ। ਜਿਸ ਦੇ ਹਰ ਰੋਜ਼ ਕੋਰੋਨਾ ਵੈਕਸੀਨ ਦੀ ਬਰਬਾਦੀ ਹੋ ਰਹੀ ਹੈ। ਪਿਛਲੇ ਦਿਨੀਂ ਕੋਰੋਨਾ ਵੈਕਸੀਨ ਦੇ ਟੀਕਾਕਰਨ ਨੂੰ ਲੈ ਕੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਰਿਵਿਊ ਕੀਤਾ ਗਿਆ ਸੀ। ਜਿਸ 'ਚ ਪੰਜਾਬ 'ਚ ਹਰ ਰੋਜ਼ 100 'ਚੋਂ 16 ਡੋਜ਼ ਬਰਬਾਦ ਹੋਣ ਦੀ ਗੱਲ ਸਾਹਮਣੇ ਆਈ ਸੀ। ਇਸ 'ਤੇ ਇਤਰਾਜ ਜਤਾਉਂਦੇ ਹੋਏ ਸੂਬਾ ਸਰਕਾਰ ਨੂੰ ਪੱਤਰ ਭੇਜ ਕੇ ਵੈਕਸੀਨ ਦੀ ਬਰਬਾਦੀ ਰੋਕਣ ਦੇ ਆਦੇਸ਼ ਦਿੱਤੇ ਸੀ। ਬਠਿੰਡਾ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮੀਨਾਕਸ਼ੀ ਸਿੰਗਲਾ ਦਾ ਕਹਿਣਾ ਹੈ ਕਿ ਜ਼ਿਲ੍ਹਾ 'ਚ 7.3 ਫੀਸਦੀ ਵੈਕਸੀਨ ਬਰਬਾਦ ਹੋ ਰਹੀ ਹੈ।


ਪੰਜਾਬੀ ਨੇ ਕੇਂਦਰ ਤੋਂ ਮੰਗੀ ਗਾਈਡਲਾਈਨ

ਕੋਵੀਸ਼ੀਲਡ ਤੇ ਕੋਵੈਕਸੀਨ ਦੀ ਐਕਸਪਾਇਰੀ 29 ਅਪ੍ਰੈਲ 5 ਮਈ ਤਕ ਤੈਅ ਕੀਤੀ ਗਈ ਹੈ ਜਦਕਿ ਕੋਵੈਕਸੀਨ ਦੀ ਐਕਸਪਾਇਰੀ 31 ਮਈ ਤੋਂ ਲੈ ਕੇ 30 ਜੂਨ ਕੀਤੀ ਹੈ। ਸਰਕਾਰ ਚਾਹੁੰਦੀ ਹੈ ਕਿ ਜੇਕਰ ਉਨ੍ਹਾਂ ਦੇ ਸਟਾਫ 'ਚ ਵੈਕਸੀਨ ਪਈ ਰਹਿੰਦੀ ਹੈ ਤਾਂ ਐਕਸਪਾਇਰੀ ਤੋਂ ਪਹਿਲਾਂ ਦੂਜੇ ਸੂਬਿਆਂ 'ਚ ਸ਼ਿਫਟ ਕਰ ਦਿੱਤੀ ਜਾਵੇ ਤਾਂ ਜੋ ਵੈਕਸੀਨ ਦੀ ਬਰਬਾਦੀ ਨਾ ਹੋ ਸਕੇ। ਇਸ ਲਈ ਸਰਕਾਰ ਨੇ ਕੇਂਦਰ ਤੋਂ ਗਾਈਡਲਾਈਨ ਮੰਗੀ ਹੈ ਕਿ ਵੈਕਸੀਨ ਦੀ ਐਕਸਪਾਇਰੀ ਤੋਂ ਕਿੰਨੀ ਦੇਰ ਪਹਿਲਾਂ ਉਹ ਕੇਂਦਰ ਨੂੰ ਸੂਚਿਤ ਕਰਨ।

Posted By: Ravneet Kaur