ਜੇਐੱਨਐੱਨ, ਬਟਾਲਾ : ਪੰਜਾਬ 'ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਵਧ ਗਿਆ ਹੈ। ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਬਾਜਵਾ ਨੇ ਕਿਹਾ ਕਿ ਕਾਂਗਰਸ ਦੀ ਸਿਆਸਤ 'ਚ ਜਾਖੜ ਸ਼ਕੁਨੀ ਦੀ ਭੂਮਿਕਾ ਨਿਭਾਅ ਰਹੇ ਹਨ। ਨਾਲ ਹੀ ਸੂਬੇ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ। ਬਾਜਵਾ ਨੇ ਜਾਖੜ ਨੂੰ ਚੁਣੌਤੀ ਦਿੱਤੀ ਕਿ ਉਹ ਉਨ੍ਹਾਂ ਨਾਲ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਘਰ ਚੱਲਣ, ਫਿਰ ਦੇਖਦੇ ਆਂ ਕਿ ਉੱਥੋਂ ਪਹਿਲਾਂ ਕਿਸ ਨੂੰ ਬਾਹਰ ਕੀਤਾ ਜਾਂਦਾ ਹੈ।

ਬਾਜਵਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਦਾ ਕੰਮ ਪਾਰਟੀ ਦੇ ਲੀਡਰਾਂ ਨੂੰ ਆਪਸ 'ਚ ਜੋੜਨਾ ਹੁੰਦਾ ਹੈ, ਨਾ ਕਿ ਉਨ੍ਹਾਂ ਨੂੰ ਵੰਡ ਕੇ ਰੱਖਣਾ। ਉਨ੍ਹਾਂ ਕਿਹਾ ਕਿ ਸੂਬੇ 'ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਈਆਂ ਹਨ। ਇਸ ਦੇ ਕੈਪਟਨ ਅਮਰਿੰਦਰ ਸਿੰਘ ਸਿੱਧੇ-ਸਿੱਧੇ ਜ਼ਿੰਮੇਵਾਰ ਹਨ। ਸ਼ਰਾਬ ਮਾਫ਼ੀਆ ਖ਼ਿਲਾਫ਼ ਉਨ੍ਹਾਂ ਤੇ ਸ਼ਮਸ਼ੇਰ ਸਿੰਘ ਵਰਗੇ ਸੀਨੀਅਰ ਆਗੂਆਂ ਨੇ ਕਈ ਵਾਰ ਲਿਖਤੀ ਸ਼ਿਕਾਇਤਾਂ ਵੀ ਦਿੱਤੀਆਂ ਪਰ ਕੋਈ ਸਿੱਟਾ ਨਾ ਨਿਕਲਿਆ।

ਬਾਜਵਾ ਨੇ ਕਿਹਾ ਕਿ ਪੰਜਾਬ ਕੈਬਨਿਟ ਦੇ ਦੋ ਮੰਤਰੀਆਂ ਨੇ ਉਨ੍ਹਾਂ ਨੂੰ ਫੋਨ ਕਰ ਕੇ ਸਾਰੀ ਗੱਲ ਦੱਸੀ। ਹਾਲਾਂਕਿ ਇਹ ਮੰਤਰੀ ਕੌਣ ਹਨ, ਇਹ ਦੱਸਣ ਤੋਂ ਬਾਜਵਾ ਨੇ ਇਨਕਾਰ ਕਰ ਦਿੱਤਾ। ਕਾਂਗਰਸੀ ਆਗੂ ਨੇ ਕਿਹਾ ਕਿ ਉਨ੍ਹਾਂ ਸੀਬੀਆਈ ਜਾਂਚ ਦੀ ਮੰਗ ਇਸ ਲਈ ਕੀਤੀ ਕਿਉਂਕਿ ਆਬਕਾਰੀ ਤੇ ਪੁਲਿਸ ਵਿਭਾਗ ਖ਼ੁਦ ਮੁੱਖ ਮੰਤਰੀ ਕੋਲ ਹਨ, ਇਸ ਲਈ ਉਨ੍ਹਾਂ ਦੀ ਮਰਜ਼ੀ ਬਗ਼ੈਰ ਕੋਈ ਕੰਮ ਨਹੀਂ ਹੋ ਸਕਦਾ।

ਬਾਜਵਾ ਨੇ ਕਿਹਾ ਕਿ ਹੁਣ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਨੂੰ ਇਸ ਕੇਸ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਂਚ ਵਿਚ ਉਹੀ ਨਿਕਲ ਕੇ ਆਵੇਗਾ ਜੋ ਬਟਾਲਾ ਬਲਾਸਟ ਤੇ ਅੰਮ੍ਰਿਤਸਰ ਜੌੜਾ ਫਾਟਕ ਹਾਦਸੇ 'ਚ ਸਾਹਮਣੇ ਆਇਆ। ਜਾਖੜ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਸੀਬੀਆਈ ਜਾਂਚ ਦੀ ਮੰਗ ਸਭ ਤੋਂ ਜ਼ਿਆਦਾ ਕਾਂਗਰਸ ਦੀ ਰਾਜਨੀਤੀ ਦੇ ਮਾਮਾ ਸ਼ਕੁਨੀ ਸੁਨੀਲ ਜਾਖੜ ਨੂੰ ਨਾਗਵਾਰ ਗੁਜ਼ਰੀ ਹੈ। ਉਨ੍ਹਾਂ ਜਾਖੜ ਨੂੰ ਸਿੱਧਾ ਚੈਲੇਂਜ ਕਰਦਿਆਂ ਕਿਹਾ ਕਿ ਉਹ ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਉਨ੍ਹਾਂ ਦੇ ਤੇ ਦੂਲੋ ਨਾਲ ਚੱਲਣ। ਫਿਰ ਸਪੱਸ਼ਟ ਹੋ ਜਾਵੇਗਾ ਕਿ ਸੋਨੀਆ ਗਾਂਧੀ ਕਿਸ ਨੂੰ ਪਹਿਲਾਂ ਆਪਣੇ ਘਰੋਂ ਬਾਹਰ ਕਰਦੇ ਹਨ।

ਕੈਪਟਨ ਕਾਰਨ 2700 ਕਰੋੜ ਰੁਪਏ ਦਾ ਨੁਕਸਾਨ

ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿਘ ਕਾਰਨ ਪੰਜਾਬ 'ਚ ਚੱਲਣ ਵਾਲੀਆਂ ਤਿੰਨ ਡਿਸਟਿੱਲਰੀ ਫੈਕਟਰੀਆਂ 'ਚ ਪਿਛਲੇ 3 ਸਾਲ 'ਚ 2700 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਨ੍ਹਾਂ ਡਿਸਟਿੱਲਰੀ ਨਾਲ ਦੋ ਨੰਬਰ ਦੀ ਸ਼ਰਾਬ ਬਾਹਰੀ ਸਮੱਗਲਰਾਂ ਨੂੰ ਵੇਚੀ ਜਾਂਦੀ ਰਹੀ। ਇਸ ਬਾਰੇ ਉਹ ਕਈ ਵਾਰ ਸੀਐੱਮ ਨੂੰ ਪੱਤਰ ਲਿਖ ਚੁੱਕੇ ਹਨ ਪਰ ਉਨ੍ਹਾਂ ਇਸ ਮਸਲੇ 'ਤੇ ਕੁਝ ਨਹੀਂ ਕੀਤਾ। ਜਿਸ ਵਜ੍ਹਾ ਨਾਲ ਅੱਜ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈ ਮੌਤਾਂ ਹੋਈਆਂ।

Posted By: Seema Anand