ਜੇਐੱਨਐੱਨ, ਬਟਾਲਾ : ਸਿਟੀ ਥਾਣਾ ਬਟਾਲਾ 'ਚ ਦਰਜ ਮਾਮਲੇ 'ਚ ਮੁਲਜ਼ਮ ਲੋਕ ਇਨਸਾਫ ਪਾਰਟੀ ਦੇ ਸੰਯੋਜਕ ਤੇ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਸ਼ੁੱਕਰਵਾਰ ਦੁਪਹਿਰ ਲਗਪਗ 1 ਵਜੇ ਆਪਣੇ ਸਮਰਥਕਾਂ ਸਮੇਤ ਫੁਆਰਾ ਚੌਕ ਪਹੁੰਚੇ। ਉੱਥੇ ਡੇਢ ਸੌ ਪੁਲਿਸ ਮੁਲਾਜ਼ਮਾਂ ਦਾ ਕਾਫਿਲਾ ਬੈਂਸ ਨੂੰ ਗ੍ਰਿਫਤਾਰ ਕਰਨ ਲਈ ਬੈਠਿਆ ਸੀ। ਉਨ੍ਹਾਂ ਨਾਲ ਐੱਸਪੀ ਸੂਬਾ ਸਿੰਘ ਰੰਧਾਵਾ, ਡੀਐੱਸਪੀ ਸਿਟੀ ਬਾਲਕ੍ਰਿਸ਼ਨ ਪਹੁੰਚੇ ਸਨ ਪਰ ਬੈਂਸ ਨੂੰ ਉਹ ਗ੍ਰਿਫਤਾਰ ਨਹੀਂ ਕਰ ਸਕੇ। ਇਸੇ ਖੇਤਰ ਕੋਲ ਥਾਣਾ ਸਿਟੀ ਵੀ ਹੈ, ਜਿੱਥੇ ਬੈਂਸ ਖ਼ਿਲਾਫ਼ ਡੀਸੀ ਨਾਲ ਇਤਾਰਜ਼ਯੋਗ ਭਾਸ਼ਾ ਦਾ ਇਸਤੇਮਾਲ ਕਰਨ ਦੇ ਦੋਸ਼ 'ਚ ਮਾਮਲਾ ਦਰਜ ਹੈ। ਦੱਸ ਦੇਈਏ ਕਿ ਮਾਮਲੇ 'ਚ ਗੁਰਦਾਸਪੁਰ ਅਦਾਲਤ ਬੈਂਸ ਦੀ ਅਗਾਊਂ ਜ਼ਮਾਨਤ ਰੱਦ ਕਰ ਚੁੱਕੀ ਹੈ।

ਸਿਮਰਜੀਤ ਸਿੰਘ ਬੈਂਸ ਨੇ ਆਪਣੇ ਸੰਬੋਧਨ 'ਚ ਪੰਜਾਬ ਸਰਕਾਰ ਤੇ ਸਿਵਲ ਪ੍ਰਸ਼ਾਸਨ ਨੂੰ ਲਲਕਾਰਦਿਆਂ ਕਿਹਾ ਕਿ ਜੇ ਹਿੰਮਤ ਹੈ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਦਿਖਾਉਣ। ਉਹ ਗ੍ਰਿਫਤਾਰੀ ਤੋਂ ਨਹੀਂ ਡਰਦੇ, ਬਲਕਿ ਘਰ ਤੋਂ ਮਨ ਬਣਾ ਕੇ ਆਏ ਹਨ ਕਿ ਅੱਜ ਉਹ ਆਪਣੇ ਨਾਨਕੇ ਪਰਿਵਾਰ ਯਾਨੀ ਜੇਲ੍ਹ ਜਾ ਰਹੇ ਹਨ। ਦੋ ਘੰਟੇ ਪੂਰੇ ਪਾਰਕ 'ਚ ਬੈਂਸ ਨੇ ਪੀੜਤ ਪਰਿਵਾਰ ਦੇ ਸਮਰਥਨ 'ਚ ਬੋਲਿਆ।

ਖ਼ਾਸ ਗੱਲ ਇਹ ਰਹੀ ਕਿ ਬੈਂਸ ਨੇ ਠੀਕ ਤਿੰਨ ਵਜੇ ਦੇ ਕਰੀਬ ਆਪਣੇ ਸਮਰਥਕਾਂ ਸਮੇਤ 35 ਗੱਡੀਆਂ ਦੇ ਕਾਫਿਲੇ ਨਾਲ ਪੁਲਿਸ ਦੇ ਸਾਹਮਣੇ ਨਿਕਲ ਗਏ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਹਾਲਾਂਕਿ ਬਟਾਲਾ ਪੁਲਿਸ ਮਾਮਲਾ ਦਰਜ ਕਰਨ ਤੋਂ ਬਾਅਦ ਦਾਅਵਾ ਕਰਦੀ ਰਹਿੰਦੀ ਹੈ ਕਿ ਉਹ ਜਲਦ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫਤਾਰ ਕਰਨਗੇ।

Posted By: Amita Verma