ਮਹਿੰਦਰ ਸਿੰਘ ਅਰਲੀਭੰਨ, ਡੇਰਾ ਬਾਬਾ ਨਾਨਕ : ਸ਼ਨਿੱਚਰਵਾਰ ਨੂੰ ਡੇਰਾ ਬਾਬਾ ਨਾਨਕ ਹਲਕੇ ਵਿਚ ਹੋਈ ਗੜੇਮਾਰੀ ਤੇ ਤੇਜ਼ ਬਾਰਸ਼ ਕਾਰਨ ਨੁਕਸਾਨੀਆਂ ਫ਼ਸਲਾਂ ਦੀ ਸਪੈਸ਼ਲ ਗਿਰਦਾਵਰੀ ਕਾਰਨ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਦੇਰ ਸ਼ਾਮ ਮੋਹਲੇਧਾਰ ਹੋਈ ਬਾਰਸ਼ ਅਤੇ ਗੜੇਮਾਰੀ ਕਾਰਨ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡਾਂ ਤੋਂ ਇਲਾਵਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜੱਦੀ ਪਿੰਡ ਧਾਰੋਵਾਲੀ, ਉਦੋਵਾਲੀ, ਸ਼ਾਹਪੁਰ ਜਾਜਨ ਆਦਿ ਪਿੰਡਾਂ ਵਿੱਚ ਗੜੇਮਾਰੀ ਹੋਣ ਕਾਰਨ ਜਵਾਰ ਅਤੇ ਕਿਸਾਨਾਂ ਦੀ ਸੋਨੇ ਵਰਗੀ ਝੋਨੇ ਦੀ ਫਸਲ ਵੱਡੇ ਪੱਧਰ ਤੇ ਪ੍ਰਭਾਵਤ ਹੋਈ ਹੈ। ਗੜੇਮਾਰੀ ਅਤੇ ਬਾਰਸ਼ ਨਾਲ ਪ੍ਰਭਾਵਤ ਹੋਈਆਂ ਫਸਲਾਂ ਦੀ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਇਸ਼ਫਾਕ ਮੁਹੰਮਦ ਵੱਲੋਂ ਪੱਤਰ ਜਾਰੀ ਕਰਕੇ ਪ੍ਰਭਾਵਤ ਖੇਤਾਂ ਦੀ ਸਪੈਸ਼ਲ ਗਿਰਦਾਵਰੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

Posted By: Ramandeep Kaur