ਰਾਈਫ਼ਲ ਰੈਸਟੋਰੈਂਟ ਗੋਲੀ ਕਾਂਡ... ਮੁੱਖ ਅਪਰਾਧੀ ਗ੍ਰਿਫ਼ਤਾਰ, ਰਿਕਵਰੀ ਦੌਰਾਨ ਭੱਜਣ ਦੀ ਕੋਸ਼ਿਸ਼ ਕਰਦਿਆਂ ਹੋਇਆ ਜ਼ਖ਼ਮੀ
ਬਟਾਲਾ ਦੇ ਰਾਈਫ਼ਲ ਰੈਸਟੋਰੈਂਟ ਨੇੜੇ ਚਿੱਟੀ ਗਰਾਊਂਡ ਵਿਖੇ ਬੀਤੇ ਦਿਨੀਂ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਇਸ ਘਟਨਾ ਵਿੱਚ ਸ਼ਾਮਲ ਇੱਕ ਮੁੱਖ ਅਪਰਾਧੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਗੈਬੀਅਨ ਵਾਸੀ ਪਿੰਡ ਕਿਲਾ ਟੇਕ ਸਿੰਘ ਵਜੋਂ ਹੋਈ ਹੈ।
Publish Date: Tue, 09 Jun 2026 10:12 PM (IST)
Updated Date: Tue, 09 Jun 2026 10:14 PM (IST)
ਸ਼ਾਮ ਤਿਵਾੜੀ ਪੰਜਾਬੀ ਜਾਗਰਣ , ਬਟਾਲਾ : ਬਟਾਲਾ ਦੇ ਰਾਈਫ਼ਲ ਰੈਸਟੋਰੈਂਟ ਨੇੜੇ ਚਿੱਟੀ ਗਰਾਊਂਡ ਵਿਖੇ ਬੀਤੇ ਦਿਨੀਂ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਇਸ ਘਟਨਾ ਵਿੱਚ ਸ਼ਾਮਲ ਇੱਕ ਮੁੱਖ ਅਪਰਾਧੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਗੈਬੀਅਨ ਵਾਸੀ ਪਿੰਡ ਕਿਲਾ ਟੇਕ ਸਿੰਘ ਵਜੋਂ ਹੋਈ ਹੈ।
ਪੁਲਿਸ ਵੱਲੋਂ ਕੀਤੀ ਗਈ ਤਫ਼ਤੀਸ਼ ਅਤੇ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਪੁਲਿਸ ਟੀਮ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਹਥਿਆਰਾਂ ਅਤੇ ਹੋਰ ਸਬੂਤਾਂ ਦੀ ਬਰਾਮਦਗੀ ਲਈ ਗਈ ਤਾਂ ਉਸ ਨੇ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਪੁਲਿਸ ਅਨੁਸਾਰ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁੱਛਗਿੱਛ ਦੌਰਾਨ ਇਸ ਕੇਸ ਨਾਲ ਸਬੰਧਤ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਨਾਲ ਜੁੜੇ ਹੋਰ ਵਿਅਕਤੀਆਂ ਦੀ ਭਾਲ ਜਾਰੀ ਹੈ।
ਬਟਾਲਾ ਪੁਲਿਸ ਨੇ ਕਿਹਾ ਕਿ ਇਲਾਕੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਅਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਲਗਾਤਾਰ ਜਾਰੀ ਰਹੇਗੀ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਬੀਤੇ ਦਿਨੀ ਰਾਈਫਲ ਰੈਸਟੋਰੈਂਟ ਗੋਲੀਕਾਂਡ ਦੇ ਮਾਮਲੇ ਚ ਪੁਲਿਸ ਨੇ ਪਹਿਲਾਂ ਵੀ ਇੱਕ ਮੁਲਜਮ ਨੂੰ ਗਿਰਫਤਾਰ ਕੀਤਾ ਸੀ ਅਤੇ ਉਸਦੀ ਉਸੇ ਜਗ੍ਹਾ ਤੇ ਪਰੇਡ ਵੀ ਕਰਾਈ ਸੀ। ਉਸੇ ਕੜੀ ਦੇ ਤਹਿਤ ਪੁਲਿਸ ਨੇ ਜਾਂਚ ਨੂੰ ਅੱਗੇ ਵਧਾਉਂਦਿਆਂ ਗੋਲੀਕਾਂਡ ਦੇ ਵਿੱਚ ਸ਼ਾਮਿਲ ਦੂਜੇ ਗਰੁੱਪ ਦਾ ਇਹ ਮੁੱਖ ਅਪਰਾਧੀ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮੌਕੇ ਪੁਲਿਸ ਸਿਟੀ ਐਸਐਚਓ ਸੁਖਜਿੰਦਰ ਸਿੰਘ, ਸਬ ਇੰਸਪੈਕਟਰ ਰਵਿੰਦਰ ਸਿੰਘ, ਏਐਸਆਈ ਸਤਨਾਮ ਸਿੰਘ,ਹਵਾਲਦਾਰ ਪ੍ਰਭਜੀਤ ਸਿੰਘ,ਹਵਾਲਦਾਰ ਕੁਲਦੀਪ ਸਿੰਘ,ਹਵਾਲਦਾਰ ਜਗਦੀਪ ਸਿੰਘ ਆਦਿ ਹਾਜ਼ਰ ਸਨ ।