ਜੇਐੱਨਐੱਨ, ਬਟਾਲਾ : ਮੁਰਗੀ ਮੁਹੱਲਾ 'ਚ ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਗੋਲ਼ੀ ਮਾਰ ਕੇ ਖ਼ੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਹਾਲਾਂਕਿ ਪ੍ਰੇਮਿਕਾ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਪ੍ਰੇਮੀ ਦੀ ਪਛਾਣ ਮੇਜਰ ਸਿੰਘ ਨਿਵਾਸੀ ਪਿੰਡ ਡੋਗਰ ਮਹੇਸ਼ ਜਦਕਿ ਪ੍ਰੇਮਿਕਾ ਦੀ ਪਛਾਣ ਰੁਪਿੰਦਰ ਕੌਰ ਉਰਫ਼ ਮੀਨਾ ਨਿਵਾਸੀ ਬਟਾਲਾ ਦੇ ਤੌਰ 'ਤੇ ਹੋਈ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਰਿਵਾਲਵਰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਚਨਾ ਮਿਲਣ 'ਤੇ ਡੀਐੱਸਪੀ ਸਿਟੀ ਬਾਲ ਕ੍ਰਿਸ਼ਨ ਸਿੰਗਲਾ ਮੌਕੇ 'ਤੇ ਪੁੱਜੇ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਬਟਾਲਾ ਦੀ ਮੋਰਚਰੀ 'ਚ ਰਖਵਾ ਦਿੱਤਾ ਗਿਆ। ਘਟਨਾਚੱਕਰ ਬਾਰੇ ਪਰਿਵਾਰ ਵਾਲਿਆਂ ਨੇ ਪੁਲਿਸ ਜਾਣਕਾਰੀ ਦਿੱਤੀ। ਡੀਐੱਸਪੀ ਨੇ ਮੀਡੀਆ ਨੂੰ ਦੱਸਿਆ ਕਿ ਇਨ੍ਹਾਂ ਦੋਵਾਂ ਦਾ ਪਿਛਲੇ ਚਾਰ ਸਾਲਾਂ ਤੋਂ ਪ੍ਰੇਮ ਸਬੰਧ ਸੀ। ਔਰਤ ਦਾ ਚਾਰ ਸਾਲ ਪਹਿਲਾਂ ਆਪਣੇ ਪਤੀ ਤੋਂ ਤਲਾਕ ਹੋ ਗਿਆ ਸੀ। ਉਸ ਤੋਂ ਬਾਅਦ ਮੇਜਰ ਸਿੰਘ ਨਾਲ ਉਸ ਦਾ ਪ੍ਰੇਮ ਸਬੰਧ ਹੋ ਗਿਆ। ਮੇਜਰ ਸਿੰਘ ਨੇ ਆਪਣੀ ਪ੍ਰੇਮਿਕਾ ਨੂੰ ਮੁਰਗੀ ਮੁਹੱਲਾ 'ਚ ਚਾਰ ਮਹੀਨੇ ਪਹਿਲਾਂ ਹੀ ਕਿਰਾਏ 'ਤੇ ਮਕਾਨ ਲੈ ਕੇ ਦਿੱਤਾ ਸੀ। ਉਹ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ। ਉਸ ਨੇ ਮਾਲਕ ਮਕਾਨ ਨੂੰ ਮੇਜਰ ਸਿੰਘ ਨੂੰ ਆਪਣਾ ਮਾਮਾ ਦੱਸਿਆ ਸੀ। ਦੀਵਾਲੀ ਵਾਲੇ ਦਿਨ ਮੇਜਰ ਸਿੰਘ ਉਸ ਨੂੰ ਮਿਲਣ ਘਰ ਆਇਆ ਤੇ ਸਾਰਾ ਦਿਨ ਘਰ 'ਚ ਰਿਹਾ। ਫਿਲਹਾਲ ਗੋਲ਼ੀ ਮਾਰਨ ਪਿੱਛੇ ਕਾਰਨਾਂ ਬਾਰੇ ਪੁਲਿਸ ਜਾਂਚ ਕਰ ਰਹੀ ਹੈ। ਜਦੋਂ ਤਕ ਔਰਤ ਨੂੰ ਹੋਸ਼ ਨਹੀਂ ਆਉਂਦਾ ਉਦੋਂ ਤਕ ਕਿਸੇ ਤਰ੍ਹਾਂ ਦਾ ਖ਼ੁਲਾਸਾ ਨਹੀਂ ਕੀਤਾ ਜਾ ਸਕਦਾ।

Posted By: Amita Verma