ਸੁਖਦੇਵ ਸਿੰਘ, ਬਟਾਲਾ : ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਬਟਾਲਾ ’ਚ ਭਾਜਪਾ ਦੇ ਉਮੀਦਵਾਰ ਫ਼ਤਹਿਜੰਗ ਸਿੰਘ ਬਾਜਵਾ ਦੇ ਹੱਕ ’ਚ ਸਨਅਤਕਾਰਾਂ ਨਾਲ ਸੰਵਾਦ ਮੀਟਿੰਗ ਕੀਤੀ ਹੈ। ਮੀਟਿੰਗ ’ਚ ਬਟਾਲਾ ਦੇ ਪ੍ਰਮੁੱਖ ਸਨਅਤਕਾਰਾਂ ਨੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਅੱਗੇ ਬਟਾਲਾ ਸਨਅਤ ਨੂੰ ਆ ਰਹੀਆਂ ਮੁਸ਼ਕਲਾਂ ਰੱਖੀਆਂ। ਗੋਇਲ ਨੇ ਸਨਅਤਕਾਰਾਂ ਨਾਲ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਹਮੇਸ਼ਾ ਹੀ ਸਨਅਤ ਨੂੰ ਨਜ਼ਰਅੰਦਾਜ਼ ਕੀਤਾ ਹੈ, ਜਿਸ ਕਾਰਨ ਪੰਜਾਬ ਦੀ ਸਨਅਤ ਸੁੰਗੜ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਮੰਤਰੀ ਨੇ ਕਦੇ ਵੀ ਕੇਂਦਰ ਕੋਲ ਸੂਬੇ ਦੀ ਸਨਅਤ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਉਹ ਖ਼ੁਦ ਇਕ ਸਨਅਤਕਾਰ ਹਨ ਤੇ ਸਨਅਤਕਾਰਾਂ ਦੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਗੋਇਲ ਨੇ ਕਿਹਾ ਕਿ ਬਟਾਲਾ ਦੀ ਸਨਅਤ ਜੋ ਕਦੇ ਪੂਰੇ ਭਾਰਤ ’ਚ ਆਪਣਾ ਨਾਮ ਰੱਖਦੀ ਸੀ, ਪਰ ਸਮੇਂ ਦੀਆਂ ਹਾਕਮ ਸਰਕਾਰਾਂ ਨੇ ਪੰਜਾਬ ਦੀ ਸਨਅਤ ਨੂੰ ਉੱਚਾ ਚੁੱਕਣ ਲਈ ਕੋਈ ਹੀਲਾ ਨਹੀਂ ਵਰਤਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਇਕ ਸੰਕਲਪ ਲੈ ਕੇ ਕੰਮ ਕਰ ਰਹੀ ਹੈ, ਜਿਸ ਸਦਕਾ ਭਾਰਤ ਅੰਦਰ ਉਦਯੋਗ ਪ੍ਰਫੁੱਲਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਬਿਨਾਂ ਸਿਸਟਮ ਦੇ ਚੱਲ ਰਹੀ ਹੈ, ਤਾਂ ਹੀ ਤਾਂ ਪੰਜਾਬ ਅੰਦਰ ਸਿੱਖਿਆ ਤੇ ਸਿਹਤ ਸਿੱਖਿਆ ਪ੍ਰਫੁੱਲਤ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕੋਈ ਵੀ ਨਵਾਂ ਕਾਲਜ ਨਹੀਂ ਖੁੱਲ੍ਹਿਆ ਜਦਕਿ ਗੁਆਂਢੀ ਸੂਬੇ ’ਚ 67 ਨਵੇਂ ਕਾਲਜ ਖੁੱਲ੍ਹੇ ਹਨ।

ਕੇਂਦਰੀ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਲਈ ਐੱਮਐੱਸਪੀ ਦੀ ਗਾਰੰਟੀ ਤੈਅ ਕੀਤੀ ਹੈ ਤੇ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਚੋਂ ਛੁਡਵਾਉਣ ਲਈ ਸਿੱਧੀ ਅਦਾਇਗੀ ਸਿਸਟਮ ਲਿਆਂਦਾ ਹੈ, ਜਿਸ ਦਾ ਕਿਸਾਨਾਂ ਨੂੰ ਭਰਪੂਰ ਫ਼ਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਨੂੰ ਮੁਕਾਬਲੇ ’ਚ ਖੜ੍ਹਾ ਹੋਣ ਲਈ ਕੁਆਲਿਟੀ ’ਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਜੋ ਚੀਨ ਦੀਆਂ ਵਸਤੂਆਂ ਨੂੰ ਮਾਤ ਦੇ ਸਕੀਏ। ਗੋਇਲ ਨੇ ਕਿਹਾ ਕਿ ਸਨਅਤਕਾਰਾਂ ਨੂੰ ਜਿੱਥੇ ਕੇਂਦਰ ਸਰਕਾਰ ਨੇ ਰਿਆਇਤਾਂ ਦੇਣੀਆਂ ਹੁੰਦੀਆਂ ਹਨ, ਉਥੇ ਨਾਲ ਹੀ ਸਭ ਤੋਂ ਵੱਧ ਸੂਬੇ ਦੀ ਸਰਕਾਰ ਨੇ ਸਨਅਤਕਾਰਾਂ ਦੀ ਬਾਂਹ ਫੜਨੀ ਹੁੰਦੀ ਹੈ, ਪਰ ਪੰਜਾਬ ਸਰਕਾਰ ਨੇ ਕਦੇ ਵੀ ਸਨਅਤਕਾਰਾਂ ਦੀ ਬਾਂਹ ਨਹੀਂ ਫੜੀ, ਜਿਸ ਕਾਰਨ ਸੂਬੇ ਦੀ ਸਨਅਤ ਬਾਹਰ ਤਬਦੀਲ ਹੋ ਗਈ ਹੈ।

ਉਨ੍ਹਾਂ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਭਾਜਪਾ ਤੇ ਉਸਦੀਆਂ ਸਹਿਯੋਗੀ ਪਾਰਟੀਆਂ ਦੀ ਸਰਕਾਰ ਪੰਜਾਬ ’ਚ ਲਿਆਓ, ਤਾਂ ਜੋ ਪੰਜਾਬ ਦੀ ਸਨਅਤ ਮੁੜ ਲੀਹਾਂ ’ਤੇ ਆ ਸਕੇ। ਉਨ੍ਹਾਂ ਕਿਹਾ ਕਿ ਰੇਤ, ਨਸ਼ਾ ਮਾਫੀਆ ਤੋਂ ਛੁਟਕਾਰਾ ਪਾਉਣ ਲਈ ਡਬਲ ਇੰਜਣ ਸਰਕਾਰ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ। ਗੋਇਲ ਨੇ ਬਟਾਲਾ ਦੇ ਸਨਅਤਕਾਰਾਂ ਨੂੰ ਸੱਦਾ ਦਿੱਤਾ ਕਿ ਆਟੋਮੈਟਿਕ ਤੇ ਸੀਐੱਨਸੀ ਸਿਸਟਮ ਨਾਲ ਬਟਾਲਾ ਨੂੰ ਜੋੜੋ ਅਤੇ ਫਿਰ ਦੇਖਿਓ ਬਟਾਲਾ ਦੀ ਸਨਅਤ ਭਾਰਤ ’ਚ ਮੁੜ ਆਪਣਾ ਨਾਮ ਚਮਕਾ ਲਵੇਗੀ। ਗੋਇਲ ਨੇ ਕਿਹਾ ਕਿ ਪੰਜਾਬ ਸਿਰਫ਼ 30-35 ਹਜ਼ਾਰ ਕਰੋੜ ਦਾ ਐਕਸਪੋਰਟ ਦਾ ਕਾਰੋਬਾਰ ਕਰ ਰਿਹਾ ਹੈ ਅਤੇ ਭਾਜਪਾ ਤੇ ਸਹਿਯੋਗੀ ਪਾਰਟੀਆਂ ਦੀ ਸਰਕਾਰ ਬਣਨ ’ਤੇ ਇਹੋ ਕਾਰੋਬਾਰ 2 ਲੱਖ ਕਰੋੜ ਦਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ’ਤੇ ਸੂਬੇ ਦੇ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਸਸਤੀ ਬਿਜਲੀ, ਟੈਕਸ ਰਿਆਇਤਾਂ ਤੇ ਅਮਨ ਸ਼ਾਂਤੀ ਦਾ ਰਾਜ ਦਿੱਤਾ ਜਾਵੇਗਾ, ਤਾਂ ਜੋ ਵਪਾਰ, ਵਪਾਰੀ ਤੇ ਉਦਯੋਗਪਤੀ ਖੁੱਲ੍ਹ ਕੇ ਕੰਮ ਕਰ ਸਕਣ। ਕੇਂਦਰੀ ਮੰਤਰੀ ਨੇ ਕਿਹਾ ਕਿ ਬਟਾਲਾ ਦੀ ਇਤਿਹਾਸਿਕ ਮਹੱਤਤਾ ਨੂੰ ਦੇਖਦਿਆਂ ਇਸ ਨੂੰ ਟੂਰਿਜ਼ਮ ਹੱਬ ਵਜੋਂ ਵਿਕਸਿਤ ਵੀ ਕੀਤਾ ਜਾਵੇਗਾ। ਇਸ ਮੌਕੇ ਬਟਾਲੇ ਦੇ ਪ੍ਰਮੁੱਖ ਸਨਅਤਕਾਰਾਂ ਨੇ ਬਟਾਲਾ ਦੀ ਸਨਅਤ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ।

ਇਸ ਮੌਕੇ ਭਾਜਪਾ ਦੇ ਬਲਵਿੰਦਰ ਸਿੰਘ ਲਾਡੀ, ਪ੍ਰਮੁੱਖ ਸਨਅਤਕਾਰ ਦਿਨੇਸ਼ ਸ਼ੁਕਲਾ, ਪਰਮਜੀਤ ਸਿੰਘ ਗਿੱਲ, ਰਾਕੇਸ਼ ਗੋਇਲ, ਰਾਜੇਸ਼ ਵਰਮਾ, ਦਰਸ਼ਨ ਲਾਲ, ਅਸ਼ੋਕ ਅਗਰਵਾਲ, ਇੰਦਰ ਸੇਖੜੀ, ਰਾਕੇਸ਼ ਭਾਟੀਆ ਜ਼ਿਲ੍ਹਾ ਪ੍ਰਧਾਨ, ਨਰੇਸ਼ ਮਹਾਜਨ ਸਾਬਕਾ ਨਗਰ ਕੌਂਸਲ ਪ੍ਰਧਾਨ, ਐਡਵੋਕੇਟ ਸੁਰੇਸ਼ ਭਾਟੀਆ, ਅਜੈ ਰਿਸ਼ੀ ਰਿੰਕੂ, ਐਡਵੋਕੇਟ ਰਵਿੰਦਰ ਸ਼ਰਮਾ, ਹੀਰਾ ਵਾਲੀਆ, ਰਾਜਬੀਰ ਕਾਹਲੋਂ ਪੀਏ ਆਦਿ ਸਮੇਤ ਬਟਾਲਾ ਦੇ ਉਦਯੋਗਪਤੀ ਤੇ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।

Posted By: Sunil Thapa