ਲੋਕੇਸ਼ ਰਿਸ਼ੀ, ਬਟਾਲਾ- ਕਾਂਗਰਸੀ ਐਮਐਲਏ ਕੁਲਬੀਰ ਸਿੰਘ ਜ਼ੀਰਾ ਵੱਲੋਂ ਭਰੇ ਮੰਚ ਤੋਂ ਆਪਣੀ ਹੀ ਸਰਕਾਰ ਦਾ ਵਿਰੋਧ ਕੀਤੇ ਜਾਣ ਦਾ ਮਾਮਲਾ ਹਾਲੇ ਸ਼ਾਂਤ ਨਹੀਂ ਹੋ ਸਕਿਆ। ਕਿ ਹੁਣ ਇੱਕ ਹੋਰ ਕਾਂਗਰਸੀ ਵਿਧਾਇਕ ਵੱਲੋਂ ਦਿੱਤੇ ਗਏ ਬਿਆਨ ਨੇ ਸੂਬੇ ਦੀ ਰਾਜਨੀਤੀ ਭਖਾ ਦਿੱਤੀ ਹੈ। ਮਾਮਲਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਦਾ ਹੈ। ਜਿਥੋਂ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਇੱਕ ਜੰਤਕ ਪ੍ਰੋਗਰਾਮ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਅਗਲੇ ਕੁਝ ਮਹੀਨਿਆਂ ਦੌਰਾਨ ਸੂਬੇ ਦਾ ਬਨਣ ਵਾਲਾ ਮੁੱਖ ਮੰਤਰੀ ਕਹਿ ਦਿੱਤਾ। ਹਾਲਾਂਕਿ ਲਾਡੀ ਵੱਲੋਂ ਜਦੋਂ ਉਕਤ ਬਿਆਨ ਦਿੱਤਾ ਗਿਆ ਉਸ ਸਮੇਂ ਪ੍ਰਤਾਪ ਸਿੰਘ ਬਾਜਵਾ ਸਮੇਤ ਉਨ੍ਹਾਂ ਦੇ ਭਰਾ ਅਤੇ ਵਿਧਾਨਸਭਾ ਹਲਕਾ ਕਾਦੀਆਂ ਦੇ ਕਾਂਗਰਸੀ ਵਿਧਾਇਕ ਫਤੇਜੰਗ ਸਿੰਘ ਬਾਜਵਾ ਵੀ ਉਸੇ ਹੀ ਮੰਚ 'ਤੇ ਮੌਜੂਦ ਸਨ।

ਐਮਐਲਏ ਲਾਡੀ ਵਲੋਂ ਉਕਤ ਬਿਆਨ ਉਸ ਵੇਲੇ ਦਿੱਤਾ ਗਿਆ ਜਦੋਂ ਉਹ ਕਸਬਾ ਘੁਮਾਣ ਵਿਖੇ ਕਰਵਾਏ ਜਾ ਰਹੇ ਇੱਕ ਜੰਤਕ ਪ੍ਰੋਗਰਾਨ ਦੌਰਾਨ ਭਰੀ ਸਭਾ ਨੂੰ ਸੰਬੋਧਨ ਕਰ ਰਹੇ ਸਨ। ਲਾਡੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਜਿਸ ਤਰਾਂ ਪੰਜਾਬ ਦੇ ਭਖਦੇ ਮੁੱਦਿਆਂ ਨੂੰ ਚੁੱਕਿਆ ਹੈ ਉਹ ਇੱਕ ਸ਼ਲਾਘਾ ਯੋਗ ਕਦਮ ਹੋਣ ਦੇ ਨਾਲ ਨਾਲ ਇੱਕ ਅਸਲ ਲੀਡਰ ਹੋਣ ਦਾ ਸਬੂਤ ਦਿੰਦਾ ਹੈ। ਲਾਡੀ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਗੰਨਾ ਕਿਸਾਨਾਂ, ਮੁਲਾਜ਼ਾਮਾਂ, ਮਜ਼ਦੂਰਾਂ ਦੇ ਨਾਲ ਨਾਲ ਐਸਸੀ_ਬੀਸੀ ਭਾਈਚਾਰੇ ਦੇ ਬਿਲਾਂ ਤੋਂ ਲੈ ਕੇ ਪੰਜਾਬ ਦੇ ਬਾਕੀ ਮਸਲਿਆਂ ਸਬੰਧੀ ਅਵਾਜ਼ ਬੁਲੰਦ ਕਰ ਕੇ ਸੂਬੇ ਦੇ ਲੋਕਾਂ ਦਾ ਸੱਚਾ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ਇਸ ਦੌਰਾਨ ਲਾਡੀ ਨੇ ਭਰੇ ਮੰਚ ਤੋਂ ਕਿਹਾ, 'ਉਹ ਅਰਦਾਸ ਕਰਦੇ ਹਨ ਕਿ ਆਉਣ ਵਾਲੇ ਚੰਦ ਮਹੀਨਿਆਂ ਦੌਰਾਨ ਪ੍ਰਤਾਪ ਸਿੰਘ ਬਾਜਵਾ ਸੂਬੇ ਦੇ ਮੁਖ ਮੰਤਰੀ ਹੋਣ।'

ਕਾਂਗਰਸੀ ਵਿਧਾਇਕ ਵੱਲੋਂ ਭਰੀ ਸਭਾ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਦਿੱਤੇ ਗਏ ਇਸ ਬਿਆਨ ਨਾਲ ਜਿੱਥੇ ਪੰਜਾਬ ਕਾਂਗਰਸ ਦਾ ਆਪਸੀ ਕਟੋ-ਕਲੇਸ਼ ਇੱਕ ਵਾਰ ਫੇਰ ਜੱਗ ਜਾਹਿਰ ਹੋ ਗਿਆ ਹੈ। ਉਥੇ ਹੀ ਦੂਜੇ ਪਾਸੇ ਇਸ ਬਿਆਨ ਨੇ ਵਿਰੋਦੀਆਂ ਨੂੰ ਰਾਜਨੀਤੀ ਕਰਨ ਦਾ ਇੱਕ ਹੋਰ ਮੌਕਾ ਵੀ ਦੇ ਦਿੱਤਾ ਹੈ।